15 ਜੁਲਾਈ ਤੱਕ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖਲਿਆਂ ਲਈ ਜਾਰੀ ਰਹੇਗੀ ਮੁਹਿੰਮ

ਦਾਖਲਿਆਂ ਵਿੱਚ ਵਾਧੇ, ਸਮਾਰਟ ਸਕੂਲਾਂ, ਵਧੀਆ ਨਤੀਜਿਆਂ, ਸਮਰ ਕੈਂਪਾਂ ਦੇ ਸਫਲ ਆਯੋਜਨਾਂ ਲਈ ਸਕੂਲ ਮੁਖੀਆਂ ਤੇ ਅਧਿਆਪਕਾਂ ਦੀ ਕੀਤੀ ਹੌਂਸਲਾ ਅਫਜ਼ਾਈ

ਐੱਸ ਏ ਐੱਸ ਨਗਰ 2 ਜੁਲਾਈ ( )ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਐਜੂਸੈੱਟ ਰਾਹੀਂ ਪੰਜਾਬ ਦੇ ਜਿਲ੍ਹਾ ਸਿੱਖਿਆ ਅਫਸਰਾਂ ਐਲੀਮੈਂਟਰੀ ਤੇ ਸੈਕੰਡਰੀ ਸਿੱਖਿਆ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਸਕੂਲ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨਾਲ ਮੀਟਿੰਗ ਕੀਤੀ| ਉਹਨਾਂ ਕਿਹਾ ਕਿ ਨਵਾਂ ਸੈਸ਼ਨ ਸ਼ੁਰੂ ਹੋਇਆ ਹੈ ਇਸ ਸਮੇਂ ਕੁਝ ਮਹੱਤਵਪੂਰਨ ਗੱਲਾਂ ਧਿਆਨ ਦੇਣ ਯੋਗ ਹਨ|ਮੀਟਿੰਗ ਵਿੱਚ ਸੰਬੋਧਨ ਕਰਦਿਆਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਸੀਂ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਐਨਰੋਲਮੈਂਟ ਤੇ ਕੰਮ ਛੱਡਿਆ ਹੈ ਤੇ ਹੁਣ ਐਨਰੋਲਮੈਂਟ ‘ਤੇਅਗਲੇ 15 ਦਿਨ ਕੰਮ ਕਰਨਾ ਹੈ| ਜਿਹਨਾਂ ਨੇ ਵਧੀਆ ਕੰਮ ਕੀਤਾ ਹੈ ਉਹਨਾਂ ਨੂੰ ਰਾਸ਼ਟਰੀ ਪੱਧਰ ‘ਤੇ ਮੀਡੀਆ ਵਿੱਚ ਸਰਾਹਿਆ ਗਿਆ ਹੈ | ਜਿਹਨਾਂ ਜਿਲ੍ਹਿਆਂ ਦੀ ਪ੍ਰੋਫਾਰਮੈਂਸ ਮੁਕਾਬਲਤਨ ਘੱਟ ਹੈ ਉਹਨਾਂ ਵੱਲ ਜਿਆਦਾ ਧਿਆਨ ਦੇਣ ਦੀ ਲੋੜ ਹੈ |

ਅੰਗਰੇਜ਼ੀ ਮਾਧਿਅਮ ਦੇ ਰਾਹੀਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇਣ ਨਾਲ ਪੰਜਾਬ ਦੇ ਮਾਪੇ ਪ੍ਰਭਾਵਿਤ ਹੋ ਰਹੇ ਹਨ| ਹੁਣ ਸਕੂਲਾਂ ਵਿੱਚ ਸਕੂਲ ਮੁੱਖੀ ਤੇ ਅਧਿਆਪਕ ਅੰਗਰੇਜ਼ੀ ਬੋਲਣ ਲਈ ਵਿਦਿਆਰਥੀਆਂ ਦਾ ਸਹਿਮ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ| ਸਵੇਰ ਦੀ ਸਭਾ ਤੋਂ ਹੀ ਸਕੂਲ ਵਿੱਚ ਅਨੁਕੂਲ ਮਾਹੌਲ ਬਣਾ ਕੇ ਵਿਦਿਆਰਥੀਆਂ ਦਾ ਸਿੱਖਣ ਪੱਧਰ ਮਿਆਰੀ ਬਣਾਇਆ ਜਾ ਰਿਹਾ ਹੈ| ਵਿਭਾਗ ਵੱਲੋਂ ਚੋਣਵੇਂ ਵਾਕ ਅਤੇ ਸ਼ਬਦਾਂ ਦਾ ਸੰਗ੍ਰਹਿ ਕਰਕੇ ਸਕੂਲਾਂ ਵਿੱਚ ਭੇਜਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਅਤੇ ਸਮਝਣ ਵਿੱਚ ਅਸਾਨੀ ਰਹੇ| ਵਿਭਾਗ ਵੱਲੋਂ ਸਕੂਲਾਂ ਵਿੱਚੋਂ ਵਿਦਿਆਰਥੀਆਂ ਦੀ ਅੰਗਰੇਜ਼ੀ ਵਿੱਚ ਗੱਲਬਾਤ ਦੀ ਵੀਡੀਓ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ| 15 ਫੀਸਦੀ ਬੱਚੇ ਪੇਂਡੂ ਖੇਤਰ ਅਤੇ 25 ਫੀਸਦੀ ਸ਼ਹਿਰੀ ਖੇਤਰ ਦੇ ਵਿਦਿਆਰਥੀ ਅੰਗਰੇਜ਼ੀ ਮਾਧਿਅਮ ਰਾਹੀਂ ਸਿੱਖਿਆ ਪ੍ਰਾਪਤ ਕਰਨ ਇਸ ਵੱਲ ਧਿਆਨ ਦੇਣ ਦੀ ਗੱਲ ਕੀਤੀ| ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਕੂਲ ਮੁਖੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲਾਂ ਦੇ ਮੁਖੀਆਂ ਵੱਲੋਂ ਨਿਰਧਾਰਤ ਕੀਤੇ ਗਏ 20 ਮੁੱਦਿਆਂ ਵਿੱਚੋਂ ਪ੍ਰਾਪਤ ਕੀਤੇ ਗਏ ਟੀਚਿਆਂ ਦਾ ਡਾਟਾ ਸੰਕਲਿਤ ਕਰਨ ਲਈ ਵਿਭਾਗ ਵੱਲੋਂ ਤਿਆਰੀ ਕਰ ਲਈ ਗਈ ਹੈ| ਉਹਨਾਂ ਨੇ 20 ਮੁੱਦਿਆਂ ਨੂੰ ਐਜੂਸੈੱਟ ਮੀਟਿੰਗ ਵਿੱਚ ਦੁਹਰਾਇਆ|ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਕੂਲਾਂ ਵੱਲੋਂ ਲਗਾਏ ਗਏ ਸਮਰ ਕੈਪਾਂ ਦੀ ਤਾਰੀਫ ਕੀਤੀ| ਉਹਨਾਂ ਨੇ ਕਿਹਾ ਕਿ ਸਭ ਤੋਂ ਅਹਿਮ ਹੈ ਗੁਣਾਤਮਕ ਸਿੱਖਿਆ ਜਿਸ ਵਿੱਚ ਪਿਛਲੇ ਸਾਲ ਵਧੀਆ ਨਤੀਜਿਆਂ ਨਾਲ ਵਿਭਾਗ ਤੇ ਅਧਿਆਪਕਾਂ ਦੀ ਕਦਰ ਵਧੀ ਹੈ| ਪਰ ਹੁਣ ਸਾਡੇ ਤੋਂ ਬਹੁਤ ਉਮੀਦਾਂ ਹਨ| ਇਸ ਸਾਲ ਦਸਵੀਂ ਤੇ ਬਾਰ੍ਹਵੀਂ ਤੋਂ ਇਲਾਵਾ ਪੰਜਵੀਂ ਤੇ ਅੱਠਵੀਂ ਜਮਾਤ ਦੇ ਬੋਰਡ ਦੇ ਇਮਤਿਹਾਨ ਹੋਣਗੇ| ਇਸ ਲਈ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸਦ ਪੰਜਾਬ ਵੱਲੋਂ ਮਾਡਲ ਟੈਸਟ ਪੇਪਰਾਂ ਨੂੰ ਵਿਭਾਗ ਵੱਲੋਂ ਵੈਬਸਾਈਟ ਰਾਹੀਂ ਉਪਲਭਧ ਕਰਵਾਏ ਗਏ ਹਨ| ਵਿਭਾਗ ਵੱਲੋਂ ਜੁਲਾਈ ਮਹੀਨੇ ਵਿੱਚ ਡੇਟਸ਼ੀਟ ਜਾਰੀ ਕਰਕੇ ਵਿਦਿਆਰਥੀਆਂ ਦਾ ਮੁਲਾਂਕਣ ਕਰਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ|

ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪਾਣੀ ਬਚਾਉਣ ਲਈ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ| ਉਹਨਾਂ ਸਕੂਲਾਂ ਵਿੱਚ ਪਾਣੀ ਦੇ ਲਈ ਵਾਟਰ ਰੀਚਾਰਜਿੰਗ ਸਿਸਟਮ ਤਿਆਰ ਕਰਨ ਲਈ ਸੁਝਾਅ ਦਿੱਤਾ| ਇਸਦੇ ਨਾਲ ਹੀ ਸਕੂਲਾਂ ਵਿੱਚ ਵਣ ਮਹਾਂਉਤਸਵ ਮਨਾਉਣ ਤੇ ਬੂਟਿਆਂ ਦੀ ਸਾਂਭ ਸੰਭਾਲ ਲਈ ਉਤਸ਼ਾਹਿਤ ਕੀਤਾ| ਉਹਨਾਂ ਨੇ ਕਿਹਾ ਕਿ ਵੱਡੇ ਵਧੇ ਹੋਏ ਬੂਟੇ ਲਗਾਉਣ ਨਾਲ ਵੱਧ ਬੂਟੇ ਬਚਣ ਦੀ ਸੰਭਾਵਨਾ ਹੁੰਦੀ ਹੈ| ਸਮਾਰਟ ਸਕੂਲਾਂ ਸਬੰਧੀ ਉਹਨਾਂ ਕਿਹਾ ਕਿ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਹੁਣ ਤੱਕ ਕਾਬਿਲੇ ਤਾਰੀਫ਼ ਕੰਮ ਕੀਤਾ ਹੈ ਤੇ ਇਹ ਕੋਈ ਠੋਸਿਆ ਹੋਇਆ ਟੀਚਾ ਨਹੀਂ ਹੈ| ਬੀਪੀਈਓ ਸਾਹਿਬਾਨ ਅਤੇ ਸਕੂਲ ਮੁਖੀਆਂ ਨੇ ਆਪਣੇ ਜਿਲ੍ਹੇ ਦੇ ਸਿੱਖਿਆ ਅਫਸਰਾਂ ਦੀ ਰਹਿਨੁਮਾਈ ਵਿੱਚ ਵਿਭਾਗ ਲਈ ਬਹੁਤ ਹੀ ਵਧੀਆ ਉਪਰਾਲਾ ਹੈ| ਉਹਨਾਂ ਕਿਹਾ ਕਿ ਅਧਿਆਪਕ ਬਹੁਤ ਚੰਗਾ ਕੰਮ ਕਰ ਰਹੇ ਹਨ ਅਤੇ ਆਸ ਹੈ ਕਿ ਭਵਿੱਖ ਵਿਚ ਵੀ ਵਧੀਆ ਢੰਗ ਨਾਲ ਕਾਰਜ ਕਰਦੇ ਰਹਿਣਗੇ|ਉਹਨਾਂ ਅਧਿਆਪਕਾਂ ਦੇ ਸੇਵਾ ਰਿਕਾਰਡ, ਅਧਿਆਪਕਾਂ ਦੇ ਗ੍ਰੀਵੀਐਂਸਜ, ਸਕੂਲਾਂ ਦੇ ਵਿੱਚ ਅਨੁਸਾਸ਼ਨ, ਵਿਦਿਆਰਥੀਆਂ ਦੀਆਂ ਖੇਡਾਂ, ਨੈਤਿਕ ਕਦਰਾਂ-ਕੀਮਤਾਂ ਬਾਰੇ, ਬਿਜਲੀ ਦੀ ਫਜ਼ੂਲ ਖਰਚੀ ਤੋ ਬੱਚਿਆਂ ਜਾਵੇ, ਅਧਿਆਪਕਾਂ ਦੀ ਆਨ ਡਿਊਟੀ ਤੋਂ ਗੁਰੇਜ਼ ਕਰਨ ਆਦਿ ਬਾਰੇ ਗੱਲਬਾਤ ਕੀਤੀ|

ਇਸ ਮੌਕੇ ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਵੀ ਐਜੂਸੈੱਟ ਰਾਹੀਂ ਮੀਟਿੰਗ ਵਿੱਚ ਸੰਬੋਧਨ ਕੀਤਾ|