ਐੱਸ.ਏ.ਐੱਸ.ਨਗਰ, 15 ਮਈ ( ): ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ.ਏ.ਐੱਸ (ਰਿਟਾ:) ਨੇ ਸੱਦਾ ਦਿੱਤਾ ਹੈ ਕਿ ਬੋਰਡ ਵੱਲੋਂ ਚਾਰ ਦਹਾਕਿਆਂ ਤੋਂ 6 ਜ਼ਿਲ੍ਹਿਆਂ ‘ਚ ਚਲਾਏ ਜਾ ਰਹੇ 11 ਆਦਰਸ਼ ਸਕੂਲਾਂ ਨੂੰ ਅਜਿਹੀ ਸੁਹਿਰਦਤਾ ਨਾਲ ਚਲਾਇਆ ਜਾਵੇ ਕਿ ਉਹ ਰਾਜ ਦੇ ਨਮੂਨੇ ਦੇ ਅਦਾਰੇ ਬਣ ਕੇ ਸਾਹਮਣੇ ਆਉਣ| ਸ਼੍ਰੀ ਕਲੋਹੀਆ ਬੁੱਧਵਾਰ ਨੂੰ ਬੋਰਡ ਦੇ ਆਦਰਸ਼ ਸਕੂਲਾਂ ਦੇ ਨਤੀਜਿਆਂ ਸਬੰਧੀ ਸਲਾਨਾ ਸਮੀਖਿਆ ਬੈਠਕ ਨੂੰ ਸੰਬੋਧਨ ਕਰ ਰਹੇ ਸਨ| ਉਨ੍ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਮੋਗਾ, ਫ਼ਿਰੋਜ਼ਪੁਰ, ਬਠਿੰਡਾ, ਅੰਮ੍ਰਿਤਸਰ ਤੇ ਐੱਸ.ਬੀ.ਐਂਸ ਨਗਰ ਵਿੱਚ ਸਥਿੱਤ ਇਨ੍ਹਾਂ ਸਕੂਲਾਂ ਦੇ ਪਿੰ੍ਰਸੀਪਲਾਂ ਨੂੰ ਮੁਖ਼ਾਤਿਬ ਹੁੰਦਿਆਂ ਸਕੂਲਾਂ ਵਿੱਚ ਵਿੱਦਿਅਕ ਸਰਗਰਮੀਆਂ ਦੇ ਨਾਲੋ-ਨਾਲ ਸਹਿ-ਵਿੱਦਿਅਕ ਗਤੀਵਿਧੀਆਂ ਕਰਵਾਏ ਜਾਣ ਉੱਤੇ ਉਚੇਚਾ ਜ਼ੋਰ ਦਿੱਤਾ| ਬੈਠਕ ਵਿੱਚ ਵਾਈਸ ਚੇਅਰਮੈਨ ਪ੍ਰੋਫ਼ੈਸਰ ਬਲਦੇਵ ਸਚਦੇਵਾ, ਸਕੱਤਰ ਬੋਰਡ ਤੇ ਡੀ.ਜੀ.ਐੱਸ.ਈ. ਮੁਹੰਮਦ ਤੱਈਅਬ ਆਈ.ਏ.ਐੱਸ, ਡਾਇਰੈਕਟਰ ਅਕਾਦਮਿਕ ਸ਼੍ਰੀਮਤੀ ਮਨਜੀਤ ਕੌਰ, ਸੰਯੁਕਤ ਸਕੱਤਰ ਸ਼੍ਰੀ ਜਨਕ ਰਾਜ ਮਹਿਰੋਕ ਸਮੇਤ ਵੱਖੋ ਵੱਖ ਵਿਭਾਗਾਂ ਦੇ ਨੁਮਾਇੰਦੇ ਅਧਿਕਾਰੀ ਵੀ ਮੌਜੂਦ ਸਨ| ਚੇਅਰਮੈਨ ਨੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਭਾਈ ਦੇ ਮੈਟ੍ਰਿਕ ਸ਼੍ਰੇਣੀ ਦੇ ਵਿਦਿਆਰਥੀ ਬਾਜਕਰਨ ਸਿੰਘ ਵੱਲੋਂ ਮੈਰਿਟ ਵਿੱਚ ਦਸਵਾਂ ਸਥਾਨ ਹਾਸਲ ਕੀਤੇ ਜਾਣ ‘ਤੇ ਸਕੂਲ ਪ੍ਰਿੰਸੀਪਲ ਨੂੰ ਉਚੇਚੀ ਵਧਾਈ ਦਿੱਤੀ|

ਬੋਰਡ ਦੇ ਆਦਰਸ਼ ਸਕੂਲਾਂ ਦੇ ਨਤੀਜਿਆਂ ਵਿੱਚ ਮੈਟ੍ਰਿਕ ਪੱਧਰ ਉੱਤੇ 87.88 ਫ਼ੀਸਦੀ ਤੇ ਸੀਨੀਅਰ ਸੈਕੰਡਰੀ ਪੱਧਰ ਉੱਤੇ 90.16 ਫ਼ੀਸਦੀ ਕੁੱਲ ਪਾਸ ਫ਼ੀਸਦ ਪ੍ਰਾਪਤ ਕਰਨ ਉੱਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਸਾਡਾ ਟੀਚਾ ਤਾਂ ਆਦਰਸ਼ ਸਕੁਲਾਂ ਦੇ ਨਤੀਜੇ 100 ਫ਼ੀਸਦੀ ਹੀ ਰੱਖਣ ਦਾ ਹੋਣਾ ਚਾਹੀਦਾ ਹੈ ਜਿਸ ਨਾਲ ਆਦਰਸ਼ ਸਕੂਲ ਸਚਮੁੱਚ ਸਮਾਜ ਵਿੱਚ ਆਦਰਸ਼ ਵਜੋਂ ਸਥਾਪਤ ਹੋ ਸਕਣ| ਉਨ੍ਹਾ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਕਮਜ਼ੋਰ ਵਿਦਿਆਰਥੀਆਂ ਵੱਲ ਉਚੇਚਾ ਧਿਆਨ ਦੇਣ ਤੋਂ ਇਲਾਵਾ ਅਕਾਦਮਿਕ ਕਾਰਜ ਸਾਲ ਭਰ ਹੀ ਭਰਪੂਰ ਉਤਸ਼ਾਹ ਨਾਲ ਜਾਰੀ ਰੱਖਣੇ ਬਹੁਤ ਜ਼ਰੂਰੀ ਹਨ| ਉਨ੍ਹਾਂ ਸਕੂਲ ਪ੍ਰਿੰਸੀਪਲਾਂ ਦੀਆਂ ਔਕੜਾਂ ਸੁਣੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਮੌਕੇ ਤੇ ਹੀ ਹੱਲ ਕੱਢ ਕੇ ਨਿਰਦੇਸ਼ ਦਿੱਤੇ| ਸ਼੍ਰੀ ਕਲੋਹੀਆ ਨੇ ਭਰੋਸਾ ਦਿਵਾਇਆ ਕਿ ਜਾਰੀ ਅਕਾਦਮਿਕ ਸਾਲ ਦੌਰਾਨ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਪੂਰੀ ਕਰਨ ਲਈ ਸਾਰਥਕ ਹੱਲ ਕੱਢ ਲਏ ਜਾਣਗੇ|

ਬੈਠਕ ਨੂੰ ਸੰਬੋਧਨ ਕਰਦਿਆਂ ਬੋਰਡ ਦੇ ਵਾਈਸ ਚੇਅਰਮੈਨ ਪ੍ਰੋਫ਼ੈਸਰ ਬਲਦੇਵ ਸਚਦੇਵਾ ਨੇ ਕਿਹਾ ਕਿ ਵਿਦਿਆਰਥੀਆਂ ਦਾ ਸਕੂਲ ਵਿੱਚ ਦਿਨ, ਵਧੀਆ ਖ਼ਿਆਲ ਨਾਲ ਹੀ ਅਰੰਭ ਹੋਣਾ ਚਾਹੀਦਾ ਹੈ ਤੇ ਹਰ ਪ੍ਰਿੰਸੀਪਲ ਨੂੰ ਆਪ ਵੀ ਸ਼੍ਰੇਣੀ ਵਿੱਚ ਜਾ ਕੇ ਪੜ੍ਹਾਉਣਾ ਜਰੂਰੀ ਹੈ ਤਾਂ ਜੋ ਅਸਲ ਔਕੜਾਂ ਤੋਂ ਜਾਣੂ ਹੋਇਆ ਜਾ ਸਕੇ| ਉਨ੍ਹਾਂ ਸਕੂਲਾਂ ਵਿੱਚ ਦਾਖਲਾ ਵਧਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਤੇ ਸਵੱਛਤਾ ਦੀਆਂ ਮੁਹਿੰਮਾਂ ਵਿੱਚ ਜੋੜਨ ਨਾਲ ਉਨ੍ਹਾਂ ਦੇ ਅਕਾਦਮਿਕ ਪੱਖ ਵਿੱਚ ਵੀ ਨਿਖਾਰ ਆਵੇਗਾ|

ਜ਼ਿਕਰਯੋਗ ਹੈ ਕਿ ਹਾਲੀਆ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਜਵਾਹਰ ਸਿੰਘ ਵਾਲਾ ਤੇ ਰਾਣੀ ਵਾਲਾ ਸਥਿਤ ਆਦਰਸ਼ ਸਕੂਲਾਂ ਦੇ ਨਤੀਜੇ 100 ਫ਼ੀਸਦੀ ਰਹੇ ਹਨ ਜਦੋਂ ਕਿ ਧਰਦਿਓ ਬੁੱਟਰ 98.6 ਫ਼ੀਸਦੀ, ਈਨਾਖੇੜਾ 98.4 ਫ਼ੀਸਦੀ, ਖਟਕੜ ਕਲਾਂ97.5 ਫ਼ੀਸਦੀ, ਕੋਟ ਭਾਈ 96.97 ਫ਼ੀਸਦੀ, ਨੰਦਗੜ੍ਹ 94.23 ਫ਼ੀਸਦੀ ਤੇ ਭਾਗੂ 88.8 ਫ਼ੀਸਦੀ ਪਾਸ ਫ਼ੀਸਦ ਨਾਲ ਬੋਰਡ ਦੀ ਔਸਤ ਪਾਸ ਫ਼ੀਸਦ ਤੋਂ ਅੱਗੇ ਰਹੇ ਹਨ| ਸਕੂਲ ਪ੍ਰਿੰਸੀਪਲਾਂ ਨੇ ਮੁੱਖ ਤੌਰ ਤੇ ਅਧਿਆਪਕਾਂ ਦੀ ਕਮੀ ਪੂਰੀ ਕਰਨ ਅਤੇ ਸਕੂਲਾਂ ਨੂੰ ਆਰਥਿਕ ਪੱਖੋਂ ਪੈਰਾਂ ਸਿਰ ਕੀਤੇ ਦੀ ਲੋੜ ‘ਤੇ ਜ਼ੋਰ ਦਿੱਤਾ|