ਹਰਿਦੁਆਰ,20 ਮਾਰਚ

ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਸਰਕਾਰ ’ਤੇ ਸਿੱਖਿਆ ਦਾ ਭਗਵਾਂਕਰਨ ਕਰਨ ਦੇ ਦੋਸ਼ ਲੱਗਦੇ ਹਨ ਪਰ ‘ਭਗਵੇਂ ਵਿਚ ਗਲਤ ਕੀ ਹੈ?’ ਨਾਇਡੂ ਨੇ ਮੁਲਕ ਵਿਚੋਂ ‘ਮੈਕਾਲੇ ਸਿੱਖਿਆ ਢਾਂਚੇ’ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਸੱਦਾ ਦਿੱਤਾ। ਇੱਥੇ ਦੇਵ ਸੰਸਕ੍ਰਿਤ ਵਿਸ਼ਵ ਵਿਦਿਆਲਿਆ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀਆਂ ਨੂੰ ਆਪਣੀ ‘ਬਸਤੀਵਾਦੀ ਮਾਨਸਿਕਤਾ’ ਤਿਆਗ ਦੇਣੀ ਚਾਹੀਦੀ ਹੈ ਤੇ ਆਪਣੇ ਭਾਰਤੀ ਹੋਣ ’ਤੇ ਮਾਣ ਮਹਿਸੂਸ ਕਰਨਾ ਸਿੱਖਣਾ ਚਾਹੀਦਾ ਹੈ। ਨਾਇਡੂ ਨੇ ਨਾਲ ਹੀ ਕਿਹਾ ਕਿ ਸਿੱਖਿਆ ਢਾਂਚੇ ਦਾ ਭਾਰਤੀਕਰਨ ਦੇਸ਼ ਦੀ ਨਵੀਂ ਸਿੱਖਿਆ ਨੀਤੀ ਦਾ ਕੇਂਦਰ ਹੈ, ਜਿਸ ਵਿਚ ਮਾਤਭਾਸ਼ਾਵਾਂ ਨੂੰ ਹੁਲਾਰਾ ਦੇਣ ਉਤੇ ਜ਼ੋਰ ਦਿੱਤਾ ਗਿਆ ਹੈ। ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਵਿਚ ਮੈਕਾਲੇ ਸਿੱਖਿਆ ਢਾਂਚੇ ਨੂੰ ਨਕਾਰਨ ਉਤੇ ਜ਼ੋਰ ਦਿੰਦਿਆਂ ਨਾਇਡੂ ਨੇ ਕਿਹਾ ਕਿ ਇਹ ਦੇਸ਼ ਵਿਚ ਵਿਦੇਸ਼ੀ ਭਾਸ਼ਾ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਥੋਪਦਾ ਹੈ, ਇਸ ਨਾਲ ਸਿੱਖਿਆ ਸਿਰਫ਼ ਕੁਲੀਨ ਵਰਗ ਤੱਕ ਸੀਮਤ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਦੀਆਂ ਦੇ ਬਸਤੀਵਾਦੀ ਰਾਜ ਕਾਰਨ ਹੀ ਅਸੀਂ ਖ਼ੁਦ ਨੂੰ ਹੇਠਲੇ ਪੱਧਰ ਉਤੇ ਦੇਖਦੇ ਹਾਂ। ਜ਼ਿਕਰਯੋਗ ਹੈ ਕਿ ਥਾਮਸ ਬੈਬਿੰਗਟਨ ਮੈਕਾਲੇ ਬਰਤਾਨਵੀ ਇਤਿਹਾਸਕਾਰ ਸਨ ਜਿਨ੍ਹਾਂ ਭਾਰਤ ਵਿਚ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।