ਗੰਗਟੋਕ, 23 ਦਸੰਬਰ
ਅੱਜ ਉੱਤਰੀ ਸਿੱਕਮ ’ਚ ਭਾਰਤ-ਚੀਨ ਸਰਹੱਦ ਦੇ ਨੇੜੇ ਫ਼ੌਜੀ ਟਰੱਕ ਦੇ ਖੱਡ ਵਿੱਚ ਡਿੱਗਣ ਕਾਰਨ 16 ਫੌਜੀਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਤਿੰਨ ਟਰੱਕਾਂ ਦਾ ਕਾਫਿਲਾ ਜਾ ਰਿਹਾ ਸੀ ਤੇ ਇਕ ਟਰੱਕ ਖੱਡ ’ਚ ਡਿੱਗ ਗਿਆ। ਪੁਲੀਸ ਅਨੁਸਾਰ ਜ਼ਖਮੀਆਂ ਨੂੰ ਉੱਤਰੀ ਬੰਗਾਲ ਦੇ ਆਰਮੀ ਹਸਪਤਾਲ ਵਿੱਚ ਏਅਰਲਿਫਟ ਕੀਤਾ ਗਿਆ ਹੈ। ਇਹ ਹਾਦਸਾ ਸੂਬੇ ਦੀ ਰਾਜਧਾਨੀ ਗੰਗਟੋਕ ਤੋਂ 130 ਕਿਲੋਮੀਟਰ ਦੀ ਦੂਰੀ ਸਵੇਰੇ 8 ਵਜੇ ਦੇ ਕਰੀਬ ਹੋਇਆ। ਫੌਜ ਦਾ ਵਾਹਨ 20 ਜਵਾਨਾਂ ਨਾਲ ਸਰਹੱਦੀ ਚੌਕੀਆਂ ਵੱਲ ਜਾ ਰਿਹਾ ਸੀ ਪਰ ਇਕ ਮੋੜ ’ਤੇ ਉਲਟ ਕੇ ਡੂੰਘੀ ਖੱਡ ’ਚ ਡਿੱਗ ਗਿਆ। ਹਾਦਸੇ ਵਾਲੀ ਥਾਂ ਤੋਂ ਸਾਰੀਆਂ 16 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਗੰਗਟੋਕ ਦੇ ਸਰਕਾਰੀ ਐੱਸਟੀਐੱਨਐੱਮ ਹਸਪਤਾਲ ਲਿਜਾਇਆ ਜਾ ਰਿਹਾ ਹੈ ਅਤੇ ਫੌਜ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਰੈਜੀਮੈਂਟ ਦਾ ਪਤਾ ਨਹੀਂ ਲੱਗ ਸਕਿਆ।