ਸੋਲ— ਪੀ.ਵੀ. ਸਿੰਧੂ ਅਤੇ ਸਮੀਰ ਵਰਮਾ ਨੇ ਅੱਜ ਇੱਥੇ ਸਿੱਧੇ ਗੇਮ ‘ਚ ਜਿੱਤ ਦਰਜ ਕਰਕੇ 600,000 ਡਾਲਰ ਦੀ ਇਨਾਮੀ ਰਾਸ਼ੀ ਦੇ ਕੋਰੀਆ ਸੁਪਰ ਸੀਰੀਜ਼ ਦੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ ਜਦਕਿ ਪੀ ਕਸ਼ਯਪ ਕਰੀਬੀ ਮੁਕਾਬਲੇ ‘ਚ ਹਾਰ ਦੇ ਬਾਹਰ ਹੋ ਗਏ।
ਓਲੰਪਿਕ ‘ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਸਿੰਧੂ ਨੇ ਥਾਈਲੈਂਡ ਦੀ ਨਿਤਚਾਓਨ ਜਿੰਦਾਪੋਲ ਨੁੰ 22-20, 21-17 ਨਾਲ ਹਰਾਇਆ ਅਤੇ ਹੁਣ ਉਹ ਜਾਪਾਨ ਦੀ ਮਿੰਤਾਸੂ ਮਿਤਾਨੀ ਨਾਲ ਭਿੜੇਗੀ ਜਿਨ੍ਹਾਂ ਨੇ 2014 ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਿਆ ਸੀ ਅਤੇ 2012 ਫ੍ਰੈਂਚ ਓਪਨ ਦੇ ਫਾਈਨਲਸ ‘ਚ ਸਾਈਨਾ ਨੇਹਵਾਲ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ।
ਹਾਂਗਕਾਂਗ ਸੁਪਰ ਸੀਰੀਜ਼ ਦੇ ਫਾਈਨਲ ‘ਚ ਪਹੁੰਚਣ ਵਾਲੇ ਅਤੇ ਸਈਅਦ ਮੋਦੀ ਗ੍ਰਾਂ ਪ੍ਰੀ ਗੋਲਡ ਦੇ ਜੇਤੂ ਸਮੀਰ ਨੇ ਹਾਂਗਕਾਂਗ ਦੇ ਵੋਂਗ ਵਿੰਗ ਕਿ ਵਿਨਸੇਂਟ ਨੂੰ 41 ਮਿੰਟ ‘ਚ 21-19, 21-13 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਸਥਾਨਕ ਦਾਅਵੇਦਾਰ ਸੋਨ ਵਾਨ ਨਾਲ ਹੋਵੇਗਾ। ਪੁਰਸ਼ ਸਿੰਗਲ ‘ਚ ਹਾਲਾਂਕਿ ਸੋਨ ਵਾਨ ਨੂੰ ਕਸ਼ਯਪ ਨੂੰ ਹਰਾਉਣ ‘ਚ ਕਾਫੀ ਮਿਹਨਤ ਕਰਨੀ ਪਈ। ਉਨ੍ਹਾਂ ਨੇ ਇਸ ਭਾਰਤੀ ਖਿਡਾਰੀ ਨੂੰ ਇਕ ਘੰਟੇ 16 ਮਿੰਟ ਤੱਕ ਚਲੇ ਮੁਕਾਬਲੇ ‘ਚ 21-16, 17-21, 21-16 ਨਾਲ ਹਰਾ ਕੇ ਅੰਤਿਮ ਅੱਠ ‘ਚ ਪ੍ਰਵੇਸ਼ ਕੀਤਾ।