ਓਡੈਂਸੇ (ਡੈੱਨਮਾਰਕ), 16 ਅਕਤੂਬਰ
ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਬੈਡਮਿੰਟਨ ਡੈੱਨਮਾਰਕ ਓਪਨ ਦੇ ਮਹਿਲਾ ਸਿੰਗਲਜ਼ ਵਿੱਚ ਅੱਜ ਇੱਥੇ ਇੰਡੋਨੇਸ਼ੀਆ ਦੀ ਗਿਰੇਗੋਰੀਆ ਤੁੰਗਜੁੰਗ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਆਪਣੀ ਮੁਹਿੰਮ ਸ਼ੁਰੂ ਕੀਤੀ। ਪੰਜਵਾਂ ਦਰਜਾ ਪ੍ਰਾਪਤ ਸਿੰਧੂ ਚਾਈਨਾ ਓਪਨ ਅਤੇ ਕੋਰੀਆ ਓਪਨ ਦੇ ਕ੍ਰਮਵਾਰ ਪਹਿਲੇ ਅਤੇ ਦੂਜੇ ਗੇੜ ਵਿੱਚੋਂ ਬਾਹਰ ਹੋ ਗਈ ਸੀ। ਵਿਸ਼ਵ ਜੂਨੀਅਰ ਚੈਂਪੀਅਨ ਗ੍ਰੇਗੋਰੀਆ ਨੇ ਹਾਲਾਂਕਿ 38 ਮਿੰਟ ਤੱਕ ਚੱਲੇ ਮੁਕਾਬਲੇ ਦੀਆਂ ਦੋ ਗੇਮਾਂ ਵਿੱਚ ਵਿਸ਼ਵ ਚੈਂਪੀਅਨ ਨੂੰ ਸਖ਼ਤ ਟੱਕਰ ਦਿੱਤੀ, ਪਰ ਸਿੰਧੂ ਨੇ 22-20, 21-18 ਨਾਲ ਹਰਾ ਕੇ ਇਸ ਇੰਡੋਨੇਸ਼ਿਆਈ ਖ਼ਿਲਾਫ਼ ਆਪਣੀ ਜਿੱਤ ਦਾ ਰਿਕਾਰਡ ਬਰਕਰਾਰ ਰੱਖਿਆ ਹੈ। ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਦੀ ਦੂਜੇ ਗੇੜ ’ਚ ਟੱਕਰ ਕੋਰੀਆ ਦੀ ਆਨ ਸੇ ਯੁੰਗ ਨਾਲ ਹੋਵੇਗੀ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਬੀ ਸਾਈ ਪ੍ਰਣੀਤ ਵੀ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਪਹੁੰਚਣ ’ਚ ਸਫਲ ਰਿਹਾ। ਉਸ ਨੇ ਸ਼ੁਰੂਆਤੀ ਗੇੜ ਦੇ 35 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਲਿਨ ਡੇਨ ਨੂੰ 21-14, 21-17 ਨਾਲ ਸ਼ਿਕਸਤ ਦਿੱਤੀ। ਹੈਦਰਾਬਾਦ ਦੇ ਇਸ ਸ਼ਟਲਰ ਦੀ ਦੂਜੇ ਗੇੜ ’ਚ ਟੱਕਰ ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਅਤੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਕੈਂਤੋ ਮੋਮੋਤਾ ਨਾਲ ਹੋ ਸਕਦੀ ਹੈ। ਮੋਮੋਤਾ ਨੇ ਹਾਲ ਹੀ ਵਿੱਚ ਸਵਿਟਜ਼ਰਲੈਂਡ ਦੇ ਬਾਸੇਲ ’ਚ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਪ੍ਰਣੀਤ ਨੂੰ ਹਰਾਇਆ ਸੀ।
ਥਾਈਲੈਂਡ ਓਪਨ ਚੈਂਪੀਅਨ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਵੀ ਜਿੱਤ ਨਾਲ ਮੁਹਿੰਮ ਸ਼ੁਰੂ ਕੀਤੀ ਹੈ। ਉਸ ਨੇ ਕਿਮ ਜੀ ਜੁੰਗ ਅਤੇ ਲੀ ਯੌਂਗ ਡੇਈ ਦੀ ਕੋਰਿਆਈ ਜੋੜੀ ਨੂੰ 39 ਮਿੰਟ ਵਿੱਚ 24-22, 21-11 ਨਾਲ ਸ਼ਿਕਸਤ ਦਿੱਤੀ। ਰਾਸ਼ਟਰਮੰਡਲ ਖੇਡਾਂ ਦਾ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਿਅਪ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਦੀ ਚੁਣੌਤੀ ਪਾਰ ਨਹੀਂ ਕਰ ਸਕਿਆ। ਕਸ਼ਿਅਪ ਕੋਰੀਆ ਓਪਨ ਦੇ ਸੈਮੀ-ਫਾਈਨਲ ਤੱਕ ਪਹੁੰਚਿਆ ਸੀ, ਪਰ ਅੱਜ ਉਹ ਥਾਈਲੈਂਡ ਦੇ ਸਿਟੀਕੋਮ ਥੈਂਮਸਿਨ ਤੋਂ 13-21, 12-21 ਨਾਲ ਹਾਰ ਗਿਆ। ਇਸੇ ਤਰ੍ਹਾਂ ਕੌਮੀ ਚੈਂਪੀਅਨ ਸੌਰਭ ਵਰਮਾ ਨੂੰ ਵੀ ਨਿਰਾਸ਼ਾ ਹੱਥ ਲੱਗੀ। ਇਸ ਸਾਲ ਹੈਦਰਾਬਾਦ ਓਪਨ ਅਤੇ ਵੀਅਤਨਾਮ ਓਪਨ ਜੇਤੂ ਵਰਮਾ ਨੂੰ ਨੀਦਰਲੈਂਡ ਦੇ ਮਾਰਕ ਕਾਲਜੌਅ ਤੋਂ ਪਹਿਲੀ ਗੇਮ ਜਿੱਤਣ ਮਗਰੋਂ 21-19, 11-21, 17-21 ਨਾਲ ਹਾਰ ਗਿਆ।