ਨਵੀਂ ਦਿੱਲੀ:ਭਾਰਤੀ ਬੈਡਮਿੰਡਨ ਖਿਡਾਰਨ ਪੀਵੀ ਸਿੰਧੂ ਤਿਲੰਗਾਨਾ ਵਿੱਚ ਓਲੰਪਿਕ ਦੀਆਂ ਤਿਆਰੀ ਵਿੱਚ ਰੁੱਝੀ ਹੋਈ ਹੈ। ਓਲੰਪਿਕ ਤੋਂ ਪਹਿਲਾਂ ਟੂਰਨਾਮੈਂਟਾਂ ਵਿੱਚ ਹਿੱਸਾ ਨਾ ਲੈ ਸਕਣਾ ਭਾਰਤੀ ਬੈਡਮਿੰਟਨ ਖਿਡਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ ਪਰ ਪੀਵੀ ਸਿੰਧੂ ਨਾਲ ਅਜਿਹਾ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਕੋਚ ਪਾਰਕ ਤੇਈ ਸਾਂਗ ਉਸ ਨੂੰ ਅਭਿਆਸ ਦੌਰਾਨ ਹੀ ਮੈਚ ਵਰਗੀ ਸਥਿਤੀ ਤਿਆਰ ਕਰ ਕੇ ਦੇ ਰਿਹਾ ਹੈ। ਕਰੋਨਾ ਦੇ ਮੱਦੇਨਜ਼ਰ ਮੁਕਾਬਲੇ ਰੱਦ ਹੋਣ ਕਾਰਨ ਤਿਆਰੀਆਂ ’ਤੇ ਪੈਣ ਵਾਲੇ ਅਸਰ ਬਾਰੇ ਸਿੰਧੂ ਨੇ ਕਿਹਾ, ‘‘ਅਸੀਂ ਸੋਚ ਰਹੇ ਸੀ ਕਿ ਓਲੰਪਿਕ ਤੋਂ ਪਹਿਲਾਂ ਸਿੰਗਾਪੁਰ ਵਿੱਚ ਆਖਰੀ ਮੁਕਾਬਲਾ ਹੋਵੇਗਾ ਪਰ ਹੁਣ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਹੈ। ਇਸ ਲਈ ਮੈਂ ਅਭਿਆਸ ਦੌਰਾਨ ਅਲੱਗ-ਅਲੱਗ ਖਿਡਾਰੀਆਂ ਖ਼ਿਲਾਫ਼ ਖੇਡ ਰਹੀ ਹਾਂ ਅਤੇ ਮੇਰਾ ਕੋਚ ਮੇਰੇ ਲਈ ਮੈਚ ਵਰਗੀ ਸਥਿਤੀ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’’ ਜ਼ਿਕਰਯੋਗ ਹੈ ਕਿ ਸਿੰਧੂ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਬਾਕੀ ਭਾਰਤੀ ਖਿਡਾਰੀਆਂ ਨਾਲ ਅਭਿਆਸ ਨਹੀਂ ਕਰ ਰਹੀ। ਉਹ ਤਿਲੰਗਾਨਾ ਦੇ ਇੱਕ ਇਨਡੋਰ ਸਟੇਡੀਅਮ ਵਿੱਚ ਆਪਣੇ ਕੋਚ ਤੋਂ ਗੁਰ ਸਿੱਖ ਰਹੀ ਹੈ।