ਮੋਗਾ, 15 ਜਨਵਰੀ

ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਨਾਮ ਦਰਜ ਕਰਵਾਉਣ ਵਾਲੇ ਇਥੋਂ ਦੇ ਆਰਟਿਸਟ ਗੁਰਪ੍ਰੀਤ ਸਿੰਘ ਕੋਮਲ ਨੇ ਕਿਸਾਨ ਅੰਦੋਲਨ ਦੀ ਚੜ੍ਹਦੀਕਲਾ ਦਾ ਪ੍ਰਤੀਕ ਵਿਸ਼ਵ ਦਾ ਸਭ ਤੋਂ ਵੱਡਾ ਝੰਡਾ ਤਿਆਰ ਕੀਤਾ ਹੈ। ਇਹ ਝੰਡਾ 26 ਜਨਵਰੀ ਨੂੰ ਸਿੰਘੂ ਬਾਰਡਰ ਉੱਤੇ ਝੁੱਲੇਗਾ, ਝੰਡੇ ’ਤੇ ਸ਼ਹੀਦ 116 ਕਿਸਾਨਾਂ ਦਾ ਨਾਮ ਸੁਨਹਿਰੇ ਅੱਖਰਾਂ ’ਚ ਲਿਖਿਆ ਗਿਆ ਹੈ ਅਤੇ ਝੰਡੇ ਉੱਤੇ ਹੀ 395 ਵਰਗ ਫੁੱਟ ਥਾਂ ਆਮ ਲੋਕਾਂ ਦੇ ਦਸਤਖ਼ਤਾਂ ਲਈ ਛੱਡੀ ਗਈ ਹੈ।

ਸ੍ਰੀ ਕੋਮਲ ਨੇ ਆਪਣੀ ਪਤਨੀ ਸਰਬਜੀਤ ਕੌਰ ਕੋਮਲ ਅਤੇ ਧੀ ਅਸ਼ਮੀਤ ਕੌਰ ਕੋਮਲ ਨਾਲ ਮਿਲਕੇ ਤਿਆਰ ਵਿਸ਼ਵ ਦਾ ਵੱਡ ਅਕਾਰੀ ਝੰਡਾ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਝੰਡੇ ਦਾ ਵਜ਼ਨ ਸਵਾ ਪੰਜ ਕਿਲੋ, ਲੰਬਾਈ ਸਵਾ ਸਤਾਈ ਮੀਟਰ, ਚੌੜਾਈ ਸਾਢੇ ਚਾਰ ਫੁੱਟ ਹੈ। ਝੰਡੇ ’ਚ ਹਰੇ ਰੰਗ ਦਾ 29 ਇੰਚ ਦਾ ਗੋਲ ਚੱਕਰ ਹੈ, ਜਿਸ ’ਚ ਕਿਸਾਨ ਬਲਦਾਂ ਨਾਲ ਖੇਤੀ ਕਰਦਾ ਦਿਖਾਇਆ ਗਿਆ ਹੈ। ਨਾਲ ਹੀ ਹਰੇ ਰੰਗ ’ਤੇ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ 116 ਸ਼ਹੀਦਾਂ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਹਨ।