ਐਸ.ਏ.ਐੱਸ. ਨਗਰ, 27 ਜੂਨ: “ਜ਼ਮੀਨੀ ਪੱਧਰ ‘ਤੇ ਸਿਹਤ ਸੰਭਾਲ ਖੇਤਰ ਦੇ ਸਬੰਧ ਵਿਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਵਿਚ ਤਰਜੀਹੀ ਅਧਾਰ ‘ਤੇ ਰੱਖਿਆ ਗਿਆ ਹੈ। ਕਿਉਂਜੋ ਸਾਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ, ਇਸ ਕਰਕੇ ਮਹਾਂਮਾਰੀ ਨਾਲ ਨਜਿੱਠਣ ਲਈ ਇਕ ਮਜਬੂਤ ਸਿਹਤ ਸੰਭਾਲ ਢਾਂਚਾ ਬਹੁਤ ਮਹੱਤਵਪੂਰਨ ਹੋਵੇਗਾ। ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਅਤੇ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸੋਹਾਣਾ ਵਿਖੇ ਇੱਕ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਮੰਤਰੀ ਨੇ ਕਿਹਾ ਕਿ ਡਿਸਪੈਂਸਰੀ ਤਕਰੀਬਨ 6 ਮਹੀਨਿਆਂ ਦੇ ਸਮੇਂ ਵਿੱਚ ਤਿਆਰ ਹੋਵੇਗੀ ਅਤੇ ਇਸ ‘ਤੇ 40 ਲੱਖ ਰੁਪਏ ਦਾ ਖਰਚ ਆਵੇਗਾ। ਉਹਨਾਂ ਅੱਗੇ ਕਿਹਾ ਕਿ ਇਸ ਖੇਤਰ ਵਿਚ ਇਕ ਕਮਿਊਨਿਟੀ ਸੈਂਟਰ ਵੀ ਵਿਚਾਰ ਅਧੀਨ ਹੈ ਅਤੇ ਇਹ 2.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ।
ਹੋਰ ਵਿਕਾਸ ਕੇਂਦਰਿਤ ਐਲਾਨ ਕਰਦਿਆਂ, ਮੰਤਰੀ ਨੇ ਕਿਹਾ ਕਿ ਹਲਕੇ ਨੂੰ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ (ਯੂ.ਈ.ਆਈ.ਪੀ.) ਦੇ ਤਹਿਤ ਵਿਕਾਸ ਦੇ ਇੱਕ ਹੱਬ ਵਿੱਚ ਤਬਦੀਲ ਕੀਤਾ ਜਾਵੇਗਾ, ਜਿਸ ਤਹਿਤ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੁੰਦਰੀਕਰਨ ਲਈ 10 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸ ਮੌਕੇ ਮੰਤਰੀ ਨੇ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ, ਸਾਬਣ ਅਤੇ ਹੈਂਡ ਸੈਨੀਟਾਈਜ਼ਰ ਨਾਲ ਹੱਥ ਧੋਣ ਨਾਲ-ਨਾਲ ਬਾਹਰ ਜਾਣ ਸਮੇਂ ਮਾਸਕ ਪਹਿਨਣ ਸੰਬੰਧੀ ਸਿਹਤ ਵਿਭਾਗ ਦੇ ਪ੍ਰੋਟੋਕਾਲਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਕਿਉਂਕਿ ਕੋਰੋਨਾ ਵਾਇਰਸ ਸੰਕਟ ਅਜੇ ਖਤਮ ਨਹੀਂ ਹੋਇਆ ਹੈ ਅਤੇ ਇਸ ਪੜਾਅ ‘ਤੇ ਲਾਹਪ੍ਰਵਾਹੀ ਵਰਤਣ ਨਾਲ ਕੇਸਾਂ ਦੀ ਗਿਣਤੀ ਵਧ ਸਕਦੀ ਹੈ।