ਪਟਿਆਲਾ, 5 ਸਤੰਬਰ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਪੁਤਲੀਆਂ ਖਰਾਬ ਹੋਣ ਕਰਕੇ ਆਪਣੀ ਨਜ਼ਰ ਗਵਾਉਣ ਵਾਲੇ ਵਿਅਕਤੀਆਂ ਨੂੰ ‘ਦ੍ਰਿਸ਼ਟੀ ਦਾ ਤੋਹਫਾ’ ਦੇਣ ਲਈ ਅੱਖਾਂ ਦਾਨ ਦਾ ਪ੍ਰਣ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਹ ਅੱਜ ਇੱਥੇ ਗੌਰਮਿੰਟ ਡੈਂਟਲ ਕਾਲਜ ਵਿੱਚ 38ਵੇਂ ਨੇਤਰ ਦਾਨ ਪੰਦਰਵਾੜੇ ਮੌਕੇ ਕਰਵਾਏ ਸੂਬਾ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਕੈਰਟੋਪਲਾਸਟੀ ਸਰਜਰੀ ਨਾਲ ਅੱਖਾਂ ਦੀਆਂ ਪੁਤਲੀਆਂ ਟਰਾਂਸਪਲਾਂਟ ਕਰ ਕੇ ਨਜ਼ਰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਮਿਲਦਿਆਂ ਕਿਹਾ ਕਿ ਕੋਰਨੀਆ ਖ਼ਰਾਬ ਹੋਣ ਕਰਕੇ ਹੋਣ ਵਾਲੇ ਅੰਨ੍ਹੇਪਣ (ਕੋਰਨੀਅਲ ਬਲਾਈਂਡਨੈੱਸ) ਦਾ ਇਲਾਜ ਹੋ ਸਕਦਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਮਾਨ ਸਰਕਾਰ ਸੂਬੇ ਦੇ ਮੈਡੀਕਲ ਕਾਲਜਾਂ ਨੂੰ ਏਮਸ ਦੀ ਤਰਜ਼ ’ਤੇ ਵਿਕਸਤ ਕਰ ਰਹੀ ਹੈ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕਾਂ ਨੂੰ ਪੇਪਰ ਲੈੱਸ ਕਰਨ ਲਈ ਇਲਾਜ ਕਰਵਾਉਣ ਆਉਂਦੇ ਮਰੀਜ਼ਾਂ ਦੀ ਸਹੂਲਤ ਲਈ ਐੱਸਐੱਮਐੱਸ ਸੇਵਾ ਦੀ ਸ਼ੁਰੂਆਤ ਵੀ ਕਰਵਾਈ। ਉਨ੍ਹਾਂ ਰਾਜ ਵਿੱਚ ਪੁਤਲੀਆਂ ਬਦਲਣ ਅਤੇ ਚਿੱਟਾ ਮੋਤੀਆ ਦੇ ਸਫ਼ਲ ਅਪਰੇਸ਼ਨ ਕਰਨ ਵਾਲੇ ਡਾਕਟਰਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦਰਸ਼ਪਾਲ ਕੌਰ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਨੀਤੀ ਸਿੰਗਲਾ ਨੇ ਵੀ ਸੰਬੋਧਨ ਕੀਤਾ।