ਮੁੰਬਈ:ਅਦਾਕਾਰਾ ਵਾਣੀ ਕਪੂਰ ਨੇ ਕਿਹਾ ਕਿ ਉਹ ਭਵਿੱਖ ਵਿੱਚ ਸਿਹਤ ਅਤੇ ਪੋਸ਼ਣ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦੀ ਹੈ। ਵਾਣੀ ਨੇ ਕਿਹਾ, ‘‘ਬੌਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਤੋਂ ਹੀ ਸੰਪੂਰਨ ਜੀਵਨ ਸ਼ੈਲੀ ਮੇਰੇ ਜੀਵਨ ਦਾ ਅਹਿਮ ਹਿੱਸਾ ਰਹੀ ਹੈ। ਮੇਰੇ ਲਈ ਹਮੇਸ਼ਾ ਤੋਂ ਹੀ ਸਿਹਤਮੰਦ ਜੀਵਨ ਸ਼ੈਲੀ ਅਪਨਾਉਣਾ, ਬਾਹਰ ਕੰਮ ਕਰਨਾ ਅਤੇ ਸਹੀ ਭੋਜਨ ਖਾਣਾ ਪਹਿਲੀ ਤਰਜੀਹ ਰਹੀ ਹੈ। ਮੈਂ ਸਿਹਤ ਅਤੇ ਪੋਸ਼ਣ ਸਬੰਧੀ ਆਪਣੇ ਪੱਧਰ ’ਤੇ ਕੁੱਝ ਕਰਨਾ ਚਾਹੁੰਦੀ ਹਾਂ ਅਤੇ ਆਉਣ ਵਾਲੇ ਸਾਲਾਂ ਵਿੱਚ ਮੈਂ ਇਸ ਖੇਤਰ ਵਿੱਚ ਵੀ ਕਦਮ ਰੱਖਾਂਗੀ, ਇਸ ਲਈ ਮੈਂ ਕਈ ਸਾਲਾਂ ਤੋਂ ਖੋਜ ਕਰ ਰਹੀ ਹਾਂ।’’ ਵਾਣੀ ਨੇ ਕਿਹਾ, ‘‘ਮੈਂ ਆਪਣੇ ਦੇਸ਼ ਦੇ ਨਾਗਰਿਕਾਂ ਵਿੱਚ ਸਿਹਤ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕਰਨਾ ਚਾਹੁੰਦੀ ਹਾਂ ਕਿਉਂਕਿ ਹਮੇਸ਼ਾ ਸਿਹਤਮੰਦ ਰਹਿਣਾ ਸਾਡੀ ਸਾਰਿਆਂ ਦੀ ਪਹਿਲ ਹੋਣੀ ਚਾਹੀਦੀ ਹੈ।’’ ਵਾਣੀ ਨੇ ਕਿਹਾ ਕਿ ਉਸ ਕੋਲ ਇਸ ਖੇਤਰ ਵਿੱਚ ਕੰਮ ਕਰਨ ਸਬੰਧੀ ਕਈ ਦਿਲਚਸਪ ਵਿਚਾਰ ਹਨ ਪਰ ਫ਼ਿਲਹਾਲ ਇਨ੍ਹਾਂ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਉਸ ਨੇ ਕਿਹਾ ਕਿ ਉਸ ਨੂੰ ਲੋਕਾਂ ਲਈ ਇੱਕ ਉਦਾਹਰਨ ਬਣਨਾ ਪਵੇਗਾ ਤਾਂ ਕਿ ਉਹ ਉਸ ਦੀ ਗੱਲ ’ਤੇ ਵਿਸ਼ਵਾਸ ਕਰ ਸਕਣ। ਵਾਣੀ ਨੇ ਕਿਹਾ ਕਿ ਉਹ ਜਲਦੀ ਹੀ ਆਪਣੇ ਸਿਹਤਮੰਦ ਜੀਵਨ ਦੀ ਕਹਾਣੀ ਲੋਕਾਂ ਸਾਹਮਣੇ ਰੱਖੇਗੀ।