ਨਵੀਂ ਦਿੱਲੀ, 23 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਊਧਵ ਠਾਕਰੇ ਨੂੰ ਅਪੀਲ ਕੀਤੀ ਹੈ ਕਿ ਉਹ ਕੱਲ• ਮੁੰਬਈ ਵਿਚ ਹਮਲੇ ਦਾ ਸ਼ਿਕਾਰ ਹੋਈ ਸਿੱਖ ਮਹਿਲਾ ਮਨਜੀਤ ਕੌਰ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਇਹ ਵੀ ਯਕੀਨੀ ਕਰਨ ਕਿ ਉਸ ਖਿਲਾਫ ਕੋਈ ਗਲਤ ਪੁਲਿਸ ਕੇਸ ਦਰਜ ਨਾ ਹੋਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਸਿੱਖ ਮਹਿਲਾ ਮਨਜੀਤ ਕੌਰ ‘ਤੇ ਆਟੋ ਡਰਾਈਵਰ ਨੇ ਹਮਲਾ ਕੀਤਾ ਤੇ ਸੜਕ ਦੇ ਵਿਚਾਲੇ ਉਸ ਨਾਲ ਕੁੱਟਮਾਰ ਕੀਤੀ। ਉਹਨਾਂ ਦੱਸਿਆ ਕਿ ਸਿੱਖ ਮਹਿਲਾ ਨੇ ਆਪਣੇ ਬਚਾਅ ਵਾਸਤੇ ਕਿਰਪਾਨ ਦੀ ਵਰਤੋਂ ਕੀਤੀ ਜੋ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚਲਦਿਆਂ ਕੀਤੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਜਬਰ ਤੇ ਜ਼ੁਲਮ ਖਿਲਾਫ ਆਵਾਜ਼ ਉਠਾਉਣ ਦਾ ਉਪਦੇਸ਼ ਦਿੱਤਾ ਹੈ ਤੇ ਸਿੱਖ ਸਿਰੀ ਸਾਹਿਬ ਦੀ ਵਰਤੋਂ ਕਿਸੇ ਵੀ ਜ਼ੁਲਮ, ਧੱਕੇਸ਼ਾਹੀ ਜਾਂ ਜਬਰ ਖਿਲਾਫ ਕਰਦੇ ਹਨ। ਉਹਨਾਂ ਕਿਹਾ ਕਿ ਮਨਜੀਤ ਕੌਰ ਨੇ ਜੋ ਵੀ ਕੀਤਾ, ਉਸਨੇ ਆਪਣੀ ਸਵੈ ਰੱਖਿਆ ਵਾਸਤੇ ਤੇ ਆਪਣੇ ਉਪਰ ਹੋ ਰਹੇ ਜ਼ਬਰ ਤੇ ਜ਼ੁਲਮ ਦਾ ਵਿਰੋਧ ਕਰਦਿਆਂ ਕੀਤਾ। ਇਹ ਸਪਸ਼ਟ ਤੌਰ ‘ਤੇ ਸਵੈ ਰੱਖਿਆ ਦਾ ਮਾਮਲਾ ਹੈ ਜਿਸ ਵਿਚ ਮਨਜੀਤ ਕੌਰ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ ਤੇ ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਅਨੁਸਾਰ ਸਵੈ ਰੱਖਿਆ ਵਿਚ ਸਿਰੀ ਸਾਹਿਬ ਦੀ ਵਰਤੋਂ ਦੇ ਮਾਮਲੇ ਵਿਚ ਕਾਰਵਾਈ ਨਾ ਹੋਣਾ ਯਕੀਨੀ ਬਣਾਉਣ। ਉਹਨਾਂ ਇਹ ਵੀ ਅਪੀਲ ਕੀਤੀ ਕਿ ਆਟੋ ਚਾਲਕ ਜੋ ਕਿ ਉਕਤ ਮਹਿਲਾ ਮਨਜੀਤ ਕੌਰ ਦੇ ਘਰ ਦੇ ਹੇਠਾਂ ਖੜ•ਦਾ ਹੈ ਤੇ ਉਸਦੀ ਲੜਕੀ ਨੂੰ ਧਮਕੀਆਂ ਵੀ ਦਿੰਦਾ ਹੈ, ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਉਸਦਾ ਉਥੇ ਖੜ•ਨਾ ਹਟਾਇਆ ਜਾਣਾ ਚਾਹੀਦਾ ਹੈ।
ਸਿਰਸਾ ਨੇ ਸ੍ਰੀ ਊਧਵ ਠਾਕਰੇ ਨੂੰ ਯਾਦ ਕਰਵਾਇਆ ਕਿ ਬਾਲ ਠਾਕਰੇ ਦਾ ਸਿੱਖਾਂ ਨਾਲ ਬਹੁਤ ਪਿਆਰ ਸੀ ਤੇ 1984 ਦੇ ਸਿੱਖ ਕਤਲੇਆਮ ਦੌਰਾਨ ਵੀ ਮਹਾਰਾਸ਼ਟਰ ਵਿਚ ਇਕ ਵੀ ਸਿੱਖ ਦੀ ਹੱਤਿਆ ਨਹੀਂ ਹੋਈ ਸੀ। ਉਹਨਾਂ ਆਸ ਪ੍ਰਗਟ ਕੀਤੀ ਕਿ ਊਧਵ ਠਾਕਰੇ ਵੀ ਇਸੇ ਨੀਤੀ ਅਨੁਸਾਰ ਚੱਲਣਗੇ ਤੇ ਸਿੱਖਾਂ ਨਾਲ ਨਿਆਂ ਯਕੀਨੀ ਬਣਾਉਣਗੇ।