ਨਵੀਂ ਦਿੱਲੀ, 12 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੱਛਮੀ ਬੰਗਾਲ ਦੇ ਆਪਣੇ ਦੌਰੇ ਦੇ ਦੂਜੇ ਦਿਨ ਸਾਬਕਾ ਸੈਨਿਕ ਬਲਵਿੰਦਰ ਸਿੰਘ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਕੋਲਕਾਤਾ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਥਾਣਾ ਹਾਵੜਾ ਵਿਚ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ਦਰਜ ਕਰਵਾਉਣ ਮਗਰੋਂ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਡੀ ਜੀ ਪੀ ਪੱਛਮੀ ਬੰਗਾਲ ਦੇ ਨਾਂ ‘ਤੇ ਇਹ ਸ਼ਿਕਾਇਤ ਦਿੱਤੀ ਹੈ ਜੋ ਪੁਲਿਸ ਥਾਣਾ ਹਾਵੜਾ ਵਿਚ ਪ੍ਰਾਪਤ ਕੀਤੀ ਗਈ ਹੈ। ਇਸ ਸ਼ਿਕਾਇਤ ਵਿਚ ਮੰਗ ਕੀਤੀ ਗਈ ਹੈ ਕਿ ਸਾਬਕਾ ਸੈਨਿਕ ਬਲਵਿੰਦਰ ਸਿੰਘ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਕੋਲਕਾਤਾ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਧਾਰਾ 295 ਏ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ। ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਫੌਜ ਦਾ ਇਕ ਜਾਂਬਾਜ ਸਿਪਾਹੀ ਰਿਹਾ ਹੈ ਜਿਸਨੇ ਕਾਰਗਿਲ, ਅਪਰੇਸ਼ਨ ਪ੍ਰਕਾਰਮ ਤੇ ਹੋਰ ਅਨੇਕਾਂ ਮੁਹਿੰਮਾਂ ਵਿਚ ਭਾਗ ਲੈ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਇਸ ਤੋਂ ਇਲਾਵਾ ਉਹ ਬਲੈਕ ਕੈਟ ਕਮਾਂਡੋ ਵੀ ਰਿਹਾ ਹੈ ਤੇ ਐਨ ਐਸ ਜੀ ਵਿਚ ਉਸਨੇ ਦੇਸ਼ ਦੀ ਸੇਵਾ ਕੀਤੀ ਹੈ ਪਰ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਕੋਲਕਾਤਾ ਪੁਲਿਸ ਨੇ ਬਲਵਿੰਦਰ ਸਿੰਘ ਨਾਲ ਅਣਮਨੁੱਖੀ ਵਿਵਹਾਰ ਕੀਤਾ, ਉਸਦੀ ਦਸਤਾਰ ਲਾਹੀ ਤੇ ਕੇਸਾਂ ਦੀ ਬੇਅਦਬੀ ਕਰਦਿਆਂ ਉਸਨੂੰ ਵਾਲਾਂ ਤੋਂ ਫੜ ਕੇ ਘਸੀੜਿਆ ਜਿਸਦਾ ਸਬੂਤ ਵੀਡੀਓਜ਼ ਵਿਚ ਮੌਜੂਦ ਹੈ।
ਸਿਰਸਾ ਨੇ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਵਿਚ ਇਸ ਘਟਨਾ ਨੂੰ ਲੈ ਕੇ ਵਿਆਪਕ ਰੋਸ ਹੈ ਤੇ ਸੰਸਦ ਵੱਲੋਂ ਪਾਸ ਕੀਤੇ ਐਕਟ ਤਹਿਤ ਬਣੀ ਦਿੱਲੀ ਗੁਰਦੁਆਰਾ ਕਮੇਟੀ ਨੇ ਇਸ ਮਾਮਲੇ ਵਿਚ ਕਾਰਵਾਈ ਲਈ ਇਹ ਸ਼ਿਕਾਇਤ ਸਿੱਖ ਕੌਮ ਵੱਲੋਂ ਦਿੱਤੀ ਹੈ। ਉਹਨਾਂ ਦੱਸਿਆ ਕਿ ਸਿੱਖਾਂ ਦੇ ਸਰਵਉਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਪੱਛਮੀ ਬੰਗਾਲ ਵਿਚ ਲੜਾਈ ਭਾਜਪਾ ਤੇ ਟੀ ਐਮ ਸੀ ਵਿਚਾਲੇ ਹੈ ਪਰ ਇਸ ਲੜਾਈ ਵਿਚ ਰਾਜਸੀ ਲਾਹਾ ਲੈਣ ਲਈ ਸਿੱਖ ਨੌਜਵਾਨ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਜਦਕਿ ਇਸ ਸਿੱਖ ਕੋਲ ਆਪਣੇ ਅਸਲੇ ਦਾ ਆਲ ਇੰਡੀਆ ਲਾਇਸੰਸ ਮੌਜੂਦ ਹੈ। ਉਹਨਾਂ ਕਿਹਾ ਕਿ ਮਮਤਾ ਬੈਨਰਜੀ ਨੂੰ ਇਸ ਨੌਜਵਾਨ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ ਅਤੇ ਜੇਕਰ ਅਜਿਹਾ ਨਾ ਕੀਤਾ ਤਾਂ ਫਿਰ ਦੁਨੀਆਂ ਭਰ ਦੇ ਸਿੱਖ਼ਾਂ ਵਿਚ ਰੋਹ ਦੀ ਲਹਿਰ ਦੌੜੇਗੀ।
ਸਿਰਸਾ ਨੇ ਮਮਤਾ ਬੈਨਰਜੀ ਨੂੰ ਇਕ ਵਾਰ ਫਿਰ ਅਪੀਲ ਕੀਤੀ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨ, ਉਹਨਾਂ ਦੀ ਭਾਜਪਾ ਨਾਲ ਲੜਾਈ ਦਾ ਸਿੱਖ ਕੌਮ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਸਾਬਕਾ ਸਿੱਖ ਸੈਨਿਕ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰ ਕੇ ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸਿਰਸਾ ਦੀ ਅਗਵਾਈ ਵਿਚ ਵਫਦ ਨੇ ਰਛਪਾਲ ਸਿੰਘ ਸਾਬਕਾ ਮੰਤਰੀ ਤੇ ਮੌਜੂਦਾ ਐਮ ਐਲ ਏ ਅਤੇ ਚੇਅਰਮੈਨ ਵੈਸਟ ਬੰਗਾਲ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਮਿਲਕੇ ਉਹਨਾਂ ਨੂੰ ਵੀ ਅਪੀਲ ਕੀਤੀ ਕਿ ਪੱਛਮੀ ਬੰਗਾਲ ਸਰਕਾਰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਬਲਵਿੰਦਰ ਸਿੰਘ ਨੂੰ ਰਿਹਾਅ ਕਰੇ ਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ।