ਨਵੀਂ ਦਿੱਲੀ, 9 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕੋਲਕਾਤਾ ਵਿਚ ਸਿੰਘ ਦੀ ਦਸਤਾਰ ਲਾਹ ਕੇ ਵਾਲਾਂ ਤੋਂ ਖਿੱਚਧੂਹ ਕੀਤੇ ਜਾਣ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਆਖਿਆ ਕਿ ਇਸ ਘਟਨਾ ਪਿੱਛੇ ਜਿ਼ੰਮੇਵਾਰ ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕਰ ਕੇ ਤੁਰੰਤ ਕਾਰਵਾਈ ਕੀਤੀ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਕੱਲ੍ਹ ਕੋਲਕਾਤਾ ਵਿਚ ਜਿਵੇਂ ਸਰਦਾਰ ਬਲਵਿੰਦਰ ਸਿੰਘ ਨਾਲ ਪੱਛਮੀ ਬੰਗਾਲ ਦੀ ਪੁਲਿਸ ਨੇ ਕੁੱਟਮਾਰ ਕੀਤੀ, ਉਹਨਾਂ ਦੀ ਪੱਗ ਉਤਾਰੀ, ਵਾਲਾਂ ਤੋਂ ਖਿੱਚ ਕੇ ਅਪਮਾਨਤ ਕੀਤਾ, ਇਹ ਬਹੁਤ ਹੀ ਸ਼ਰਮਨਾਕ ਤੇ ਦੁਖਦਾਈਘਟਨਾ ਹੈ। ਉਹਨਾਂ ਕਿਹਾ ਕਿ ਇਸ ਘਟਨਾ ਨੇ ਪੂਰੀ ਦੁਨੀਆਂ ਦੇ ਸਿੱਖਾਂ ਦੇ ਹਿਰਦਿਆਂ ਨੂੰ ਸੱਟ ਮਾਰੀ।
ਇਹ ਵੀਡੀਓ ਵੇਖ ਕੇ ਸਾਨੂੰ ਡੂੰਘੀ ਸੱਟ ਵੱਜੀ।
ਸਿਰਸਾ ਨੇ ਮਮਤਾ ਬੈਨਰਜੀ ਨੂੰ ਚੇਤੇ ਕਰਵਾਇਆ ਕਿ ਇਹ ਉਹੀ ਦਸਤਾਰ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਲਾਲ ਵਾਰ ਕੇ ਸਾਨੂੰ ਦਿੱਤੀ, ਇਹ ਉਹੀ ਦਸਤਾਰ ਹੈ ਜਿਸਨੂੰ ਪਾ ਕੇ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਫਾਂਸੀ ਦਾ ਫੰਦਾ ਚੁੰਮਿਆ ਅਤੇ
ਉਹੀ ਦਸਤਾਰ ਹੈ ਜਿਸਨੂੰ ਪਾ ਕੇ ਜਨਰਲ ਜਗਜੀਤ ਸਿੰਘ ਅਰੋੜਾ ਨੇ 90 ਹਜ਼ਾਰ ਪਾਕਿਸਤਾਨੀ ਫੌਜੀਆਂ ਨੂੰ ਸਰੰਡਰ ਕਰਵਾਇਆ। ਉਹਨਾਂ ਕਿਹਾ ਕਿ ਤੁਹਾਡੀ ਪੁਲਿਸ ਇਸ ਦਸਤਾਰ ਦੀ ਇਸ ਤਰੀਕੇ ਬੇਅਦਬੀ ਕਰੇ, ਇਹ ਸਾਨੂੰ ਬਰਦਾਸ਼ਤ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਤੁਰੰਤ ਧਾਰਾ 295 ਏ ਤਹਿਤ ਕੇਸ ਦਰਜ ਕਰਕੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਬਲਵਿੰਦਰ ਸਿੰਘ ਨੂੰ ਤੁਰੰਤ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਮਮਤਾ ਬੈਨਰਜੀ ਨੇ ਇਹ ਕਾਰਵਾਈ ਨਾ ਕੀਤੀ ਤਾਂ ਫਿਰ ਸਿੱਖ ਇਸ ਮਸਲੇ ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਸਿਰਸਾ ਨੇ ਇਹ ਵੀ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿੱਖ ਨੂੰ ਨਿਆਂ ਤਾਂ ਕੀ ਦੇਣਾ ਸੀ ਸਗੋਂ ਉਸਨੂੰ ਤਿੰਨ ਦਿਨ ਦੀ ਪੁਲਿਸ ਕਸਟਮੀ ਵਿਚ ਭੇਜ ਦਿੱਤਾ ਗਿਆ ਹੈ ਜੋ ਕਿ ਹੋਰ ਵੀ ਸ਼ਰਮਨਾਕ ਕਾਰਾ ਹੈ।