ਨਵੀਂ ਦਿੱਲੀ, 15 ਜੁਲਾਈ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਵਿਰੋਧਤਾ ਦੇ ਚੱਕਰ ਵਿਚ ਦਿਮਾਗੀ ਤੌਰ ’ਤੇ ਇਸ ਤਰੀਕੇ ਉਲਝੇ ਹਨ ਕਿ ਆਪਣੇ ਹੀ ਬਿਆਨ ਤੇ ਆਪਣੀਆਂ ਹੀ ਪ੍ਰੈਸ ਕਾਨਫਰੰਸਾਂ ਭੁੱਲ ਗਏ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਅਤੇ  ਮੈਂਬਰਾਂ ਭੁਪਿੰਦਰ ਸਿੰਘ ਭੁੱਲਰ, ਸਰਵਜੀਤ ਸਿੰਘ ਵਿਰਕ, ਆਤਮਾ ਸਿੰਘ ਲੁਬਾਣਾ, ਹਰਜੀਤ ਸਿੰਘ ਪੱਪਾ ਅਤੇ ਗੁਰਮੀਤ ਸਿੰਘ ਭਾਟੀਆ ਨੇ ਕਿਹਾ ਕਿ ਮਨਜੀਤ ਸਿੰਘ ਜੀ ਕੇ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ ਵਿਚ ਇਕ ਪੱਤਰ ਪੇਸ਼ ਕਰ ਕੇ ਦਾਅਵਾ ਕੀਤਾ ਹੈ ਕਿ  ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਹੈ ਕਿ ਅਕਾਲੀ ਦਲ ਇਕ ਸਿਆਸੀ ਪਾਰਟੀ ਹੈ ਤੇ ਸਿਰਫ ਧਾਰਮਿਕ ਪਾਰਟੀ ਹੀ ਕਮੇਟੀ ਚੋਣਾਂ ਲੜ ਸਕਦੀ ਹੈ। ਉਹਨਾਂ ਕਿਹਾ ਕਿ ਇਹ ਬਿਆਨ ਦੇਣ ਵੇਲੇ ਹਾਰ ਦੇ ਡਰੋਂ ਮਾਨਸਿਕ ਦਬਾਅ ਹੇਠ ਮਨਜੀਤ ਸਿੰਘ ਜੀ ਕੇ ਸ਼ਾਇਦ ਇਹ ਭੁੱਲ ਗਏ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੇ ਕਹਿਣ ’ਤੇ ਅਕਾਲੀ ਦਲ ਦੇ ਚੋਣਾਂ ਲੜਨ ’ ਤੇਪਾਬੰਦੀ ਲਗਾਈ ਸੀ ਤਾਂ ਅਕਾਲੀ ਦਲ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ । ਇਸ ਪਟੀਸ਼ਨ ਦੀ ਸੁਣਵਾਈ ਵੇਲੇ ਮਾਣਯੋਗ ਅਦਾਲਤ ਨੇ ਹੀ ਦਿੱਲੀ ਸਰਕਾਰ ਤੇ ਅਕਾਲੀ ਦਲ ਦੇ ਵਿਰੋਧੀਆਂ ਨੂੰ ਝਾੜ ਪਾਈ ਸੀ ਤੇ ਅਕਾਲੀ ਦਲ ਨੁੰ ਚੋਣ ਨਿਸ਼ਾਨ ਬਾਲਟੀ ’ਤੇ ਚੋਣ ਲੜਨ ਦੀ ਪ੍ਰਵਾਨਗੀ ਦਿੱਤੀ ਸੀ। ਇਹ ਗੱਲ ਸ਼ਾਇਦ ਜੀ ਕੇ ਭੁੱਲ ਗਏ ਹਨ।

ਇਹਨਾਂ ਮੈਂਬਰਾਂ ਨੇ ਕਿਹਾ ਕਿ ਇਸੇ ਤਰੀਕੇ ਕੋਰੋਨਾ ਪੀੜਤ ਮਨੁੱਖਤਾ ਦੀ  ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਜਾ ਰਹੀ ਸੇਵਾ ਤੋਂ ਮਨਜੀਤ ਸਿੰਘ ਜੀ ਕੇ ਇੰਨੇ ਔਖੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਦੇ ਡਾਕਟਰਾਂ ਨੁੰ ਅਨਪੜ ਦੱਸ ਰਹੇ ਹਨ। ਉਹਨਾਂ ਕਿਹਾ ਕਿ ਜੀ ਕੇ ਸ਼ਾਇਦ ਭੁੱਲ ਗਏ ਹਨ ਕਿ ਇਹ ਕੋਰੋਨਾ ਕੇਅਰ ਸੈਂਟਰ ਦਿੱਲੀ ਗੁਰਦੁਅਰਾ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ ਪਰ ਇਸ ਵਿਚ ਮੈਡੀਕਲ ਸਟਾਫ ਦਿੱਲੀ ਸਰਕਾਰ ਨੇ ਤਾਇਨਾਤ ਕੀਤਾ ਹੈ ਤੇ ਉਚ ਡਾਕਟਰੀ ਸਿੱਖਿਆ ਪ੍ਰਾਪਤ ਡਾਕਟਰ ਤੇ ਹੋਰ ਪੈਰਾ ਮੈਡੀਕਲ ਸਟਾਫ ਮਰੀਜ਼ਾ ਦੀ ਸੇਵਾ ਕਰ ਰਿਹਾ ਹੈ। ਇਹਨਾਂ ਮੈਂਬਰਾਂ ਨੇ ਜੀ ਕੇ ਨੁੰ ਇਹ ਵੀ ਚੇਤੇ ਕਰਵਾਇਆ ਕਿ ਕਮੇਟੀ ਤਾਂ ਇਹ ਸੈਂਟਰ 250 ਬੈਡਾਂ ਦਾ ਬਣਾਉਣਾ ਚਾਹੁੰਦੀ ਸੀ ਪਰ ਦਿੱਲੀ ਸਰਕਾਰ ਨੇ ਸਹੂਲਤਾਂ ਵੇਖ ਕੇ ਕੋਰੋਨਾ ਮਰੀਜ਼ਾਂ ਦੀ ਜਾਨ ਬਚਾਉਣ ਵਾਸਤੇ ਇਸਦੀ ਗਿਣਤੀ ਵਧਾ ਕੇ 400 ਬੈਡ ਦੀ ਕਰਨ ’ਤੇ ਜ਼ੋਰ ਦਿੱਤਾ ਸੀ ਜਿਸ ਮਗਰੋਂ ਇਹ 400 ਬੈਡ ਵਾਲਾ ਸੈਂਟਰ ਬਣਾ ਦਿੱਤਾ ਸੀ।

ਇਹਨਾਂ ਆਗੂਆਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਵਾਸਤੇ  ਦਿੱਲੀ ਦੀਆਂ ਸੰਗਤਾਂ ਦਿੱਲੀ ਕਮੇਟੀ ਨੂੰ ਵੱਧ ਚੜਕੇ ਸਹਿਯੋਗ ਦੇ ਰਹੀਆਂ ਹਨ, ਇਹ ਗੱਲ ਮਨਜੀਤ ਸਿੰਘ ਜੀ ਕੇ ਨੂੰ ਬਰਦਾਸ਼ਤ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਬੇਸ਼ੱਕ ਸਾਰੀ ਦਿੱਲੀ ਜਾਣਦੀ ਹੈ ਕਿ ਗੁਰੂ ਘਰ ਦੀਆਂ ਗੋਲਕਾਂ ਲੁੱਟਣ ਵੇਲੇ ਤੋਂ ਹੀ ਮਨਜੀਤ ਸਿੰਘ ਜੀ ਕੇ ਜ਼ਮੀਰ ਮਰ ਚੁੱਕੀ ਹੈ ਪਰ ਵਿਰੋਧ ਦੇ ਚੱਕਰ ਵਿਚ ਉਹਨਾਂਨੁੰ ਘੱਟੋ ਘੱਟ ਆਪਣੇ ਬਿਆਨ ਤਾਂ ਯਾਦ ਰੱਖਣੇ ਚਾਹੀਦੇ ਹਨ। ਜੇਕਰ ਲੋੜ ਤਾਂ ਭਾਵੇਂ ਉਹ ਰੋਜ਼ ਸਵੇਰੇ ਆਪਣੇ ਹੀ ਬਿਆਨਾਂ ਦੀ ਵੀਡੀਓ ਵੀ ਵੇਖ ਸਕਦੇ ਹਨ ਤਾਂਜੋ ਭੁੱਲੇ ਨਾ ਕਿ ਕੀ ਕਿਹਾ ਸੀ ਤੇ ਕੀ ਨਹੀਂ।