ਸਿਰਸਾ, 19 ਸਤੰਬਰ
ਕਿਸਾਨਾਂ ਦੀ ਜਿਣਸ ਖਰੀਦ ਲਈ ਈ-ਨੇਮ ਪ੍ਰਣਾਲੀ ਸ਼ੁਰੂ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਇੱਥੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਹੜਤਾਲ ਕਰ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਅਣਮਿੱਥੇ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਆੜ੍ਹਤੀਆਂ ਦੀ ਹੜਤਾਲ ਨੂੰ ਜਿੱਥੇ ਮੰਡੀ ਮਜ਼ਦੂਰ ਯੂਨੀਅਨ ਤੇ ਮੁਨੀਮ ਐਸੋਸੀਏਸ਼ਨ ਨੇ ਸਮਰਥਨ ਦਿੱਤਾ ਹੈ ਉੱਥੇ ਹੀ ਕਿਸਾਨ ਸਭਾ ਵੱਲੋਂ ਵੀ ਆੜ੍ਹਤੀਆਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਖਰੀਦ ਲਈ ਈ-ਨੇਮ ਪ੍ਰਣਾਲੀ ਸ਼ੁਰੂ ਕੀਤੇ ਜਾਣ ਦੇ ਵਿਰੋਧ ਵਿੱਚ ਆੜ੍ਹਤੀ ਐਸੋਸੀਏਸ਼ਨ ਨੇ ਅੱਜ ਮੰਡੀਆਂ ਬੰਦ ਕਰ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਮਹਿਤਾ, ਸਾਬਕਾ ਪ੍ਰਧਾਨ ਹਰਮੀਤ ਸਿੰਘ ਸਰਕਾਰੀਆ ਤੇ ਮਹਾਂਵੀਰ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਈ-ਨੇਮ ਪ੍ਰਣਾਲੀ ਆੜ੍ਹਤੀਆਂ ਲਈ ਵੱਡੀ ਮੁਸ਼ਕਲ ਪੈਦਾ ਕਰਨ ਵਾਲੀ ਹੈ। ਇਸ ਨਾਲ ਆੜ੍ਹਤੀਆਂ ਤੇ ਮੰਡੀ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਮੁਨੀਮਾਂ ਦਾ ਕੰਮ ਧੰਦਾ ਬਿਲਕੁਲ ਬੰਦ ਹੋ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਈ-ਨੇਮ ਪ੍ਰਣਾਲੀ ਵਾਪਸ ਨਹੀਂ ਲਵੇਗੀ, ਆੜ੍ਹਤੀਆਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਆੜ੍ਹਤੀਆਂ ਦੀ ਹੜਤਾਲ ਕਾਰਨ ਅੱਜ ਮੰਡੀ ’ਚ ਜਿਣਸ ਨਹੀਂ ਵਿਕੀ।