ਸਿਨਸਿਨਾਟੀ: ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਐਂਡੀ ਮਰੇ ਨੂੰ ਇੱਥੇ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਵਿੱਚ ਵਾਪਸੀ ਕਰਦਿਆਂ ਪਹਿਲੇ ਹੀ ਗੇੜ ਵਿੱਚ ਰਿਚਰਡ ਗਾਸਕਿਟ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਸੱਤ ਮਹੀਨੇ ਵਿੱਚ ਪਹਿਲਾ ਸਿੰਗਲਜ਼ ਮੈਚ ਖੇਡ ਰਹੇ ਮਰੇ ਨੂੰ ਗਾਸਕਿਟ ਖ਼ਿਲਾਫ਼ ਸਿੱਧੇ ਸੈੱਟਾਂ ਵਿੱਚ 4-6, 4-6 ਨਾਲ ਹਾਰ ਝੱਲਣੀ ਪਈ। ਕਰੀਅਰ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਸੱਟ ਕਾਰਨ ਜਨਵਰੀ ਵਿੱਚ ਕੋਰਟ ਤੋਂ ਦੂਰ ਹੋਏ ਮਰੇ ਨੇ ਹਾਲਾਂਕਿ ਆਪਣੇ ਇਸ ਪ੍ਰਦਰਸ਼ਨ ਨੂੰ ਸਹੀ ਦੱਸਿਆ। ਮਰੇ ਨੇ ਕਿਹਾ, ‘‘ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਪਤਾ ਕਿ ਇਸ ਮੈਚ ਤੋਂ ਮੈਨੂੰ ਕੀ ਉਮੀਦ ਸੀ। ਇਸ ਮੈਚ ਵਿੱਚ ਕਈ ਅਜਿਹੀਆਂ ਚੀਜ਼ਾਂ ਸਨ, ਜੋ ਮੈਂ ਬਿਹਤਰ ਕਰਨ ਦੀ ਉਮੀਦ ਕਰ ਰਿਹਾ ਸੀ।’’