ਮੁੰਬਈ, 14 ਦਸੰਬਰ

ਬਿੱਗ ਬੌਸ ਸੀਜ਼ਨ-13 ਦੇ ਜੇਤੂ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਰਾਤ ਵੇਲੇ ਸੜਕ ’ਤੇ ਇਕ ਵਿਅਕਤੀ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਬਣਾਉਣ ਵਾਲਾ ਵਿਅਕਤੀ ਸਿਧਾਰਥ ਸ਼ੁਕਲਾ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲਾਉਂਦੇ ਹੋਏ ਕਹਿ ਰਿਹਾ ਹੈ ਕਿ ਤੁਸੀਂ ਇੱਕ ਗਰੀਬ ਇਨਸਾਨ ਨੂੰ ਆਪਣੀ ਗੱਡੀ ਨਾਲ ਟੱਕਰ ਮਾਰੀ ਹੈ। ਇਸੇ ਦੌਰਾਨ ਸਿਧਾਰਥ ਸ਼ੁਕਲਾ ਅੱਗੋਂ ਦਾਅਵਾ ਕਰ ਰਿਹਾ ਹੈ ਕਿ ਚਾਕੂਆਂ ਨਾਲ ਲੈਸ ਉਸ ਸ਼ਰਾਰਤੀ ਅਨਸਰ ਨੇ ਉਸਨੂੰ ਧਮਕਾਇਆ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਅੱਗੇ ਕਹਿ ਰਿਹਾ ਹੈ ਕਿ ਤੁਸੀ ਗੱਲ ਨਾ ਬਦਲੋ ਤੁਸੀ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸੀ ਤੇ ਤੁਸੀਂ ਉਸ ਗਰੀਬ ਵਿਅਕਤੀ ਨੂੰ ਗੱਡੀ ਨਾਲ ਟੱਕਰ ਮਾਰੀ ਹੈ। ਸਿਧਾਰਥ ਸ਼ੁਕਲਾ ਵੱਲੋਂ ਇਸ ਮਾਮਲੇ ’ਚ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਦੱਸਣਯੋਗ ਹੈ ਕਿ ਸ਼ਨਿੱਚਰਵਾਰ ਨੂੰ ਸਿਧਾਰਥ ਸ਼ੁਕਲਾ ਨੇ ਆਪਣਾ 40ਵਾਂ ਜਨਮ ਦਿਨ ਮਨਾਇਆ ਹੈ। ਸ਼ੁਕਲਾ ਨੇ ਆਪਣੇ 40ਵੇਂ ਜਨਮਦਿਨ ਸਬੰਧੀ ਟਵਿੱਟਰ ’ਤੇ ਰਸ਼ਮੀ ਦੇਸਾਈ, ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਤੇ ਵਿਸ਼ਾਲ ਅਦਿੱਤਿਆ ਸਿੰਘ ਨੂੰ ਟੈਗ ਕਰਕੇ ਲਿਖਿਆ ਹੈ, ‘ਮੈਂ ਹੁਣ 40 ਸਾਲ ਦਾ ਹੋ ਗਿਆ ਹਾਂ ਪਰ ਬੁੱਢਾ ਅਜੇ ਵੀ ਨਹੀਂ।’