ਸਿਡਨੀ, 4 ਜਨਵਰੀ
ਚੇਤੇਸ਼ਵਰ ਪੁਜਾਰਾ ਦੇ ਲੜੀ ’ਚ ਤੀਜੇ ਸੈਂਕੜੇ ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦੇ ਨਾਲ ਉਸਦੀ ਸੈਂਕੜੇ ਦੀ ਸਾਂਝੇਦਾਰੀ ਨਾਲ ਭਾਰਤ ਨੇ ਆਸਟਰੇਲੀਆ ਵਿਰੁੱਧ ਚੌਥੈ ਟੈਸਟ ਦੇ ਪਹਿਲੇ ਦਿਨ ਚਾਰ ਵਿਕਟਾਂ ਉੱਤੇ 303 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਪੁਜਾਰਾ ਨੇ ਢਾਈ ਸੌ ਗੇਂਦਾਂ ਦੇ ਵਿਚ 16 ਚੌਕਿਆਂ ਦੀ ਮੱਦਦ ਨਾਲ ਨਾਬਾਦ 130 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਹਨੁਮਾ ਵਿਹਾਰੀ (ਨਾਬਾਦ 39) ਦੇ ਨਾਲ ਪੰਜਵੇਂ ਵਿਕਟ ਲਈ 75 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਪਹੰਚਾ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੇ ਮਯੰਕ (77) ਦੇ ਨਾਲ ਦੂਜੇ ਵਿਕਟ ਦੇ ਲਈ 116 ਅਤੇ ਕਪਤਾਨ ਵਿਰਾਟ ਕੋਹਲੀ (23) ਦੇ ਨਾਲ ਤੀਜੇ ਵਿਕਟ ਦੇ ਲਈ 54 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਪਹਿਲਾ ਮੌਕਾ ਹੈ ਜਦੋਂ ਪੁਜਾਰਾ ਨੇ ਕਿਸੇ ਇੱਕ ਲੜੀ ਵਿਚ ਤਿੰਨ ਸੈਂਕੜੇ ਜੜੇ ਹਨ। ਪੁਜਾਰਾ ਨੇ ਆਪਣੀ ਇਸ ਪਾਰੀ ਦੇ ਵਿਚ ਕਿਸੇ ਲੜੀ ਦੇ ਵਿਚ ਸਭ ਤੋਂ ਵੱਧ ਗੇਂਦਾਂ ਖੇਡਣ ਦੇ ਲਿਹਾਜ਼ ਨਾਲ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਮੌਜੂਦਾ ਲੜੀ ਵਿਚ ਹੁਣ ਤੱਕ 1135 ਦੌੜਾਂ ਖੇਡ ਕੇ 458 ਦੌੜਾਂ ਬਣਾ ਚੁੱਕਾ ਹੈ। ਇਸ ਤੋਂ ਪਹਿਲਾਂ ਉਸ ਨੇ 2016-17 ਵਿਚ ਆਸਟਰੇਲੀਆ ਦੇ ਭਾਰਤ ਦੌਰੇ ਉੱਤੇ 1049 ਗੇਂਦਾਂ ਦਾ ਸਾਹਮਣਾ ਕਰਦਿਆਂ 405 ਦੌੜਾਂ ਬਣਾਈਆਂ ਸਨ। ਦੌੜਾਂ ਦੇ ਲਿਹਾਜ਼ ਨਾਲ ਵੀ ਇਹ ਪੁਜਾਰਾ ਦਾ ਕਿਸੇ ਲੜੀ ਦੇ ਵਿਚ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸੀਨੀਅਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਸਵੇਰੇ ਫਿਟਨੈੱਸ ਟੈਸਟ ਵਿਚ ਨਾਕਾਮ ਰਿਹਾ ਅਤੇ ਮੈਚ ਤੋਂ ਬਾਹਰ ਹੋ ਗਿਆ। ਆਸਟਰੇਲੀਆ ਦੇ ਗੇਂਦਬਾਜ਼ੀ ਹਮਲੇ ਦੀ ਸ਼ੁਰੂਆਤ ਮਿਸ਼ੇਲ ਸਟਾਰਕ (75 ਦੌੜਾਂ ਬਦਲੇ ਇੱਕ ਵਿਕਟ) ਅਤੇ ਜੋਸ਼ ਹੇਜਲਵੁੱਡ (51 ਦੌੜਾਂ ਉੱਤੇ ਦੋ ਵਿਕਟਾਂ) ਦੀ ਜੋੜੀ ਨੇ ਕੀਤੀ। ਮੈਲਬੌਰਨ ਟੈਸਟ ਤੋਂ ਬਾਹਰ ਰਹਿਣ ਤੋਂ ਬਾਅਦ ਵਾਪਸੀ ਕਰ ਰਿਹਾ ਲੋਕੇਸ਼ ਰਾਹੁਲ (9) ਇਕ ਵਾਰ ਫਿਰ ਨਾਕਾਮ ਰਿਹਾ ਅਤੇ ਦੂਜੇ ਓਵਰ ਵਿਚ ਹੀ ਹੇਜਲਵੁੱਡ ਦੀ ਗੇਂਦ ਉੱਤੇ ਪਹਿਲੀ ਸਲਿੱਪ ਦੇ ਵਿਚ ਸ਼ਾਨ ਮੌਰਸ਼ ਨੂੰ ਕੈਚ ਦੇ ਬੈਠਿਆ। ਜਨਵਰੀ 2018 ਤੋਂ ਵਿਦੇਸ਼ੀ ਧਰਤੀ ਉੱਤੇ 12 ਟੈਸਟਾਂ ਵਿਚ ਭਾਰਤ ਦੀ ਇਹ ਛੇਵੀਂ ਸਲਾਮੀ ਜੋੜੀ ਸੀ।
ਦੂਜੇ ਸਿਰੇ ਤੋਂ ਮਯੰਕ ਅਗਰਵਾਲ ਨੇ ਪੁਜਾਰਾ ਦਾ ਬਿਹਤਰ ਸਾਥ ਦਿੱਤਾ ਅਤੇ ਪੁਜਾਰ ਨਾਲ ਮਿਲ ਕੇ ਦੌੜਾਂ ਦੀ ਗਤੀ ਨੂੰ ਵਧਾ ਦਿੱਤਾ। ਭਾਰਤ ਨੇ ਪਹਿਲੇ ਘੰਟੇ ਵਿਚ ਇਕ ਵਿਕਟ ਉੱਤੇ 46 ਦੌੜਾਂ ਬਣਾਈਆਂ ਜਦੋਂ ਕਿ ਮੌਜੂਦਾ ਦੌਰੇ ਉੱਤੇ ਘੱਟ ਦੌੜ ਗਤੀ ਆਮ ਗੱਲ ਰਹੀ ਹੈ। ਮਯੰਕ ਤੇ ਪੁਜਾਰਾ ਨੇ 104 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ।
ਆਸਟਰੇਲੀਆ ਨੇ 15ਵੇਂ ਓਵਰ ਵਿਚ ਡੀਆਰਐੱਸ ਗਵਾਇਆ ਜਦੋਂ ਪੁਜਾਰਾ ਦੇ ਖਿਲਾਫ਼ ਹੇਜਲਵੁੱਡ ਦੀ ਅਪੀਲ ਨੂੰ ਮੈਦਾਨੀ ਅੰਪਾਇਰ ਨੇ ਠੁਕਰਾਅ ਦਿੱਤਾ। ਆਸਟਰੇਲੀਆ ਨੇ ਡੀਆਰਐੱਸ ਲਿਆ ਪਰ ਰੀਪਲੇ ਵਿਚ ਦਿਖਿਆ ਕਿ ਗੇਂਦ ਬੱਲੇਬਾਜ਼ ਦੇ ਪੱਟ ਦੇ ਟਕਰਾਅ ਕੇ ਵਿਕਟਕੀਪਰ ਕੋਲ ਪੁੱਜੀ ਸੀ। ਮੇਜ਼ਬਾਨ ਟੀਮ ਨੇ ਸ਼ਾਰਟ ਬੱਲੇਬਾਜ਼ੀ ਕੀਤੀ ਅਤੇ ਬੱਲੇਬਾਜ਼ਾਂ ਦੇ ਸਰੀਰ ਨੂੰ ਨਿਸ਼ਾਨਾਂ ਬਣਾਇਆ। ਕਪਤਾਨ ਟਿਮ ਪੇਨ ਨੇ ਆਫ ਸਪਿੰਨਰ ਨਾਥਨ ਲਿਓਨ (88 ਦੌੜਾਂ ਬਦਲੇ ਇੱਕ ਵਿਕਟ) ਨੂੰ 22ਵੇਂ ਓਵਰ ਵਿਚ ਪਹਿਲੀ ਵਾਰ ਮੌਕਾ ਦਿੱਤਾ। ਪੁਜਾਰਾ ਨੇ ਹਮਲਾਵਰ ਰੁਖ ਅਪਣਾਇਆ ਤੇ 178 ਗੇਂਦਾਂ ਦੇ ਵਿਚ ਸੌ ਦੌੜਾਂ ਪੂਰੀਆਂ ਕੀਤੀਆਂ। ਅਗਰਵਾਲ ਨੇ 96 ਗੇਂਦਾਂ ਵਿਚ ਆਪਣਾ ਦੂਜਾ ਅਰਧ ਸੈਂਕੜਾ ਪੂਰਾ ਕੀਤਾ। ਕੋਹਲੀ ਨੇ ਹੇਜਲਵੁੱਡ ਉੱਤੇ ਚੌਕੇ ਦੇ ਨਾਲ ਖਾਤਾ ਖੋਲ੍ਹਿਆ। ਚਾਹ ਤੋਂ ਬਾਅਦ ਭਾਰਤ ਨੇ ਪੰਜਵੀਂ ਗੇਂਦ ਉੱਤੇ ਹੀ ਕੋਹਲੀ ਦਾ ਵਿਕਟ ਗਵਾ ਦਿੱਤਾ। ਉਹ ਹੇਜਲਵੁੱਡ ਦੀ ਗੇਂਦ ਉੱਤੇ ਵਿਕਟ ਕੀਪਰ ਪੇਨ ਨੂੰ ਕੈਚ ਦੇ ਬੈਠਾ। ਸਟਾਰਕ ਨੇ ਬਾਉਂਸਰ ਮਾਰ ਕੇ ਅਜਿੰਕਿਆ ਰਹਾਣੇ (18) ਪੇਨ ਦੇ ਹੱਥੋਂ ਕੈਚ ਕਰਵਾ ਕੇ ਭਾਰਤ ਦਾ ਸਕੋਰ ਚਾਰ ਵਿਕਟਾਂ ਉੱਤੇ 228 ਦੌੜਾਂ ਕਰ ਦਿੱਤਾ ਅਤੇ ਪੁਜਾਰਾ ਦੇ ਨਾਲ ਉਸਦੀ 48 ਦੌੜਾਂ ਦੀ ਸਾਂਝੇਦਾਰੀ ਦਾ ਵੀ ਅੰਤ ਕਰ ਦਿੱਤਾ। ਮੈਲਬੌਰਨ ਵਿਚ ਟੈਸਟ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਵਿਹਾਰੀ ਨੇ ਸਟਾਰਕ ਉੱਤੇ ਚੌਕੇ ਦੇ ਨਾਲ ਖਾਤਾ ਖੋਲ੍ਹਿਆ।
ਪੁਜਾਰਾ ਨੇ ਸਟਾਰਕ ਦੇ ਉੱਤੇ ਚੌਕੇ ਨਾਲ 199 ਗੇਂਦਾਂ ਦੇ ਵਿਚ ਸੈਂਕੜਾ ਪੂਰਾ ਕੀਤਾ। ਭਾਰਤ ਨੇ ਇਸ ਤਰ੍ਹਾਂ 88ਵੇਂ ਓਵਰ ਵਿਚ 300 ਦੌੜਾਂ ਪੂਰੀਆਂ ਕੀਤੀਆਂ। ਇਸ ਤੋਂ ਪਹਿਲਾਂ ਭਾਰਤ ਨੇ ਦੋ ਬਦਲਾਅ ਕਰਦਿਆਂ ਟੀਮ ਵਿਚ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ ਦੀ ਥਾਂ ਰਾਹੁਲ ਅਤੇ ਕੁਲਦੀਪ ਯਾਦਵ ਨੂੰ ਥਾਂ ਦਿੱਤੀ। ਆਸਟਰੇਲੀਆ ਨੇ ਵੀ ਦੋ ਬਦਲਾਅ ਕਰਕੇ ਆਰੋਨ ਫਿੰਚ ਅਤੇ ਮਿਸ਼ੇਲ ਮੌਰਸ਼ ਦੀ ਥਾਂ ਪੀਟਰ ਹੈਂਡਸਕੌਂਬ ਅਤੇ ਲਾਬੂਸ਼ੇਨ ਨੂੰ ਆਖ਼ਰੀ ਗਿਆਰਾਂ ਖਿਡਾਰੀਆਂ ਵਿਚ ਥਾਂ ਦਿੱਤੀ।