ਲੰਡਨ, 19 ਨਵੰਬਰ
ਸਟੈਫਨੋਸ ਸਿਟਸਿਪਾਸ ਨੇ ਡੌਮੀਨੀਕ ਥੀਮ ਨੂੰ ਹਰਾ ਕੇ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤ ਲਿਆ। ਯੂਨਾਨ ਦੇ 21 ਸਾਲ ਦੇ ਸਿਟਸਿਪਾਸ ਨੇ 6-7, 6-2, 7-6 ਨਾਲ ਜਿੱਤ ਦਰਜ ਕੀਤੀ। ਉਹ ਲੇਟਨ ਹੈਵਿਟ ਤੋਂ 18 ਸਾਲ ਮਗਰੋਂ ਖ਼ਿਤਾਬ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ। ਇਸ ਦੇ ਨਾਲ ਹੀ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤਣ ਵਾਲਾ ਉਹ ਪਹਿਲਾ ਯੂਨਾਨੀ ਖਿਡਾਰੀ ਹੈ।
ਆਸਟਰੇਲੀਆ ਦੇ ਹੈਵਿਟ ਨੇ 2001 ਦੌਰਾਨ ਸਿਡਨੀ ਵਿੱਚ 20 ਸਾਲ ਦੀ ਉਮਰ ’ਚ ਖ਼ਿਤਾਬ ਜਿੱਤਿਆ ਸੀ। ਇਹ ਇਸ ਸੈਸ਼ਨ ਵਿੱਚ ਸਿਟਸਿਪਾਸ ਦਾ ਤੀਜਾ ਖ਼ਿਤਾਬ ਹੈ। ਉਸ ਨੇ ਪਿਛਲੇ ਸਾਲ ਮਿਲਾਨ ਵਿੱਚ ਨੈਕਸਟ ਜਨਰੇਸ਼ਨ ਏਟੀਪੀ ਫਾਈਨਲਜ਼ ਦਾ ਖ਼ਿਤਾਬ ਵੀ ਜਿੱਤਿਆ ਸੀ। ਯੂਨਾਨੀ ਖਿਡਾਰੀ ਨੇ ਦੋ ਘੰਟੇ ਅਤੇ 35 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਥੀਮ ਨੂੰ ਸ਼ਿਕਸਤ ਦਿੱਤੀ।
ਜਿੱਤ ਮਗਰੋਂ ਸਿਟਸਿਪਾਸ ਨੇ ਕਿਹਾ, ‘‘2019 ਚੈਂਪੀਅਨ ਵਜੋਂ ਯਾਦ ਕੀਤਾ ਜਾਣਾ ਹੈਰਾਨੀਜਨਕ ਹੈ। ਸੁਫ਼ਨਾ ਸੱਚ ਹੋ ਗਿਆ ਅਤੇ ਇਸ ਮੈਚ ਦਾ ਅੰਤ ਬਿਹਤਰੀਨ ਢੰਗ ਨਾਲ ਹੋਇਆ।’’ ਉਸ ਨੇ ਕਿਹਾ, ‘‘ਮੈਂ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਹੀਂ ਪਾ ਸਕਦਾ।’’ ਇੰਡੀਅਨ ਵੈੱਲਜ਼ ਮਾਸਟਰ ਸਣੇ ਇਸ ਸਾਲ ਪੰਜ ਖ਼ਿਤਾਬ ਜਿੱਤਣ ਵਾਲੇ ਥੀਮ ਨੂੰ ਸਾਲ ਦੇ ਆਖ਼ਰੀ ਟੂਰਨਾਮੈਂਟ ਵਿੱਚ ਨਿਰਾਸ਼ ਹੋਣਾ ਪਿਆ। ਸਿਟਸਿਪਾਸ ਨੇ ਕਿਹਾ, ‘‘ਮੈਚ ਦੌਰਾਨ ਕੁੱਝ ਅੰਕਾਂ ਕਾਰਨ ਮੈਂ ਘਬਰਾ ਗਿਆ ਸੀ, ਪਰ ਮੈਂ ਛੇਤੀ ਹੀ ਇਸ ’ਤੇ ਕਾਬੂ ਪਾ ਲਿਆ। ਇਹ ਜਿੱਤ ਮੇਰੇ ਲੜਨ ਦੇ ਜਜ਼ਬੇ ਅਤੇ ਖ਼ੁਦ ਨੂੰ ਪਹਿਲਾਂ ਨਾਲੋਂ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ।’’ ਸਿਟਸਿਪਾਸ ਨੇ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਛੇ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ ਸੀ। ਸਿਟਸਿਪਾਸ ਸਣੇ ਉਸ ਦੇ ਸਾਥੀਆਂ ਨੂੰ ਨਵੀਂ ਪੀੜ੍ਹੀ ਦੇ ਉਭਰਨ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ, ਜਿਨ੍ਹਾਂ ਨੇ ਪੁਰਸ਼ ਟੈਨਿਸ ਵਿੱਚ ਪਿਛਲੇ 15 ਸਾਲ ਤੋਂ ਕਾਬਜ਼ ਫੈਡਰਰ, ਨੋਵਾਕ ਜੋਕੋਵਿਚ ਅਤੇ ਰਾਫੇਲ ਨਡਾਲ ਵਰਗੇ ਸਟਾਰ ਖਿਡਾਰੀਆਂ ਦੇ ਮੋਰਚੇ ’ਚ ਸੰਨ੍ਹ ਲਾਈ ਹੈ। ਵਿਸ਼ਵ ਦੇ ਨੰਬਰ ਚਾਰ ਖਿਡਾਰੀ ਡੈਨਿਲ ਮੈਦਵੇਦੇਵ ਨੇ ਇਸ ਸਾਲ ਦੋ ਮਾਸਟਰਜ਼ ਖ਼ਿਤਾਬ ਜਿੱਤੇ ਹਨ ਅਤੇ ਉਹ ਯੂਐੱਸ ਓਪਨ ਦੇ ਫਾਈਨਲ ਤੱਕ ਪਹੁੰਚਿਆ ਸੀ, ਜਦੋਂਕਿ ਅਲੈਕਜੈਂਡਰ ਜੈਵੇਰੇਵ ਨੇ ਪਿਛਲੇ ਸਾਲ ਏਟੀਪੀ ਫਾਈਨਲਜ਼ ਦਾ ਖ਼ਿਤਾਬ ਜਿੱਤਿਆ ਸੀ। ਪਰ ਸਿਟਸਿਪਾਸ ਨੇ ਵੱਖਰਾ ਮੁਕਾਮ ਬਣਾਇਆ। ਉਹ ‘ਬਿੱਗ ਥ੍ਰੀ’ ਦੀ ਇਸ ਤਿੱਕੜੀ ਦੇ ਹਰੇਕ ਖਿਡਾਰੀ ਨੂੰ 2019 ਵਿੱਚ ਹਰਾ ਕੇ ਨਵੇਂ ਸੀਜ਼ਨ ਵਿੱਚ ਪੈਰ ਧਰੇਗਾ। ਸ਼ਾਇਦ ਇਸ ਤਰ੍ਹਾਂ ਪੁਰਸ਼ ਟੈਨਿਸ ਵਿੱਚ ਨਵੀਂ ਪੀੜ੍ਹੀ ਆਪਣੀ ਬਾਦਸ਼ਾਹਤ ਕਾਇਮ ਕਰ ਸਕਦੀ ਹੈ।