ਫਤਹਿਗੜ੍ਹ ਸਾਹਿਬ, 21 ਦਸੰਬਰ
ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਹਿਗੜ੍ਹ ਸਾਹਿਬ ਵਿਖੇ 25, 26 ਤੇ 27 ਦਸੰਬਰ ਨੂੰ ਸ਼ਹੀਦੀ ਸਭਾ ਦੇ ਵਿਚਕਾਰਲੇ ਦਿਨ ਵੱਖ ਵੱਖ ਰਾਜਸੀ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ ਕਾਨਫ਼ਰੰਸਾਂ ’ਤੇ ਰੋਕ ਲਵਾਉਣ ਲਈ ਵੱਖ-ਵੱਖ ਜਥੇਬੰਦੀਆਂ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੀਆਂ।
ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਇਤਿਹਾਸਕ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਅਰਦਾਸ ਕਰਨ ਮਗਰੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵੱਲ ਪੈਦਲ ਮਾਰਚ ਕੀਤਾ। ਜਥੇ ਨੇ ‘ਸਿਆਸੀ ਕਾਨਫ਼ਰੰਸਾਂ ਬੰਦ ਕਰੋ ਅਤੇ ਸਿਆਸੀ ਲੀਡਰੋ ਸ਼ਰਮ ਕਰੋ’ ਆਦਿ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਦੌਰਾਨ ਜ਼ਿਲ੍ਹਾ ਪੁਲੀਸ ਨੇ ਅਮਨ-ਸ਼ਾਂਤੀ ਵਜੋਂ ਜਥੇ ਨੂੰ ਪ੍ਰਬੰਧਕੀ ਕੰਪਲੈਕਸ ਦੇ ਗੇਟ ਅੱਗੇ ਹੀ ਰੋਕ ਦਿੱਤਾ। ਇਸ ਦੌਰਾਨ ਜਥਾ ਗੇਟ ਅੱਗੇ ਧਰਨਾ ਲਾ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨ ਲੱਗਿਆ, ਜਿਸ ਮਗਰੋਂ ਏਡੀਸੀ ਫਤਹਿਗੜ੍ਹ ਸਾਹਿਬ ਨੇ ਜਥੇ ਤੋਂ ਮੰਗ ਪੱਤਰ ਲਿਆ। ਇਸ ਤੋਂ ਪਹਿਲਾਂ ਬਲਬੀਰ ਸਿੰਘ ਮੁੱਛਲ, ਸੁਖਜੀਤ ਸਿੰਘ ਖੋਸੇ, ਬਰਜਿੰਦਰ ਸਿੰਘ ਪਰਵਾਨਾ (ਦਮਦਮੀ ਟਕਸਾਲ ਰਾਜਪੁਰਾ) ਤੇ ਗੁਰਿੰਦਰ ਪਾਲ ਸਿੰਘ ਦੀ ਅਗਵਾਈ ਹੇਠਲੇ ਜਥੇ ਨੇ ਅਕਾਲੀ ਦਲ ਦੀ ਸਿਆਸੀ ਕਾਨਫ਼ਰੰਸ ਵਾਲੇ ਸਥਾਨ ’ਤੇ ਸ਼ਾਮਿਆਨੇ ਦੇ ਪੋਲ ਵੀ ਪੁੱਟਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਰੋਕ ਦਿੱਤਾ। ਜਥੇ ਦੇ ਆਗੂਆਂ ਨੇ ਕਿਹਾ ਕਿ ਤਿੰਨ ਮਹੀਨਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿਆਸੀ ਕਾਨਫ਼ਰੰਸਾਂ ਰੱਦ ਕਰਨ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਮੌਕੇ ਧਰਨੇ ਵਿੱਚ ਬੈਠੇ ਨੌਜਵਾਨ ਗੁਰਿੰਦਰਪਾਲ ਸਿੰਘ ਵਾਸੀ ਪਿੰਡ ਜਮਸ਼ੇਰ ਖਾਲ (ਜਲੰਧਰ) ਨੇ ਕਿਹਾ ਕਿ ਉਹ ਸਿਆਸੀ ਕਾਨਫ਼ਰੰਸਾਂ ਰੱਦ ਕਰਵਾਉਣ ਲਈ 15 ਦਸੰਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ ਤੇ ਭੁੱਖ ਹੜਤਾਲ 28 ਦਸੰਬਰ ਤੱਕ ਜਾਰੀ ਰਹੇਗੀ। ਇਸ ਮੌਕੇ ਯੂਨਾਈਟਿਡ ਸਿੱਖ ਪਾਰਟੀ, ਦਮਦਮੀ ਟਕਸਾਲ ਜਥਾ ਰਾਜਪੁਰਾ, ਪੰਥ ਖ਼ਾਲਸਾ ਪੰਜਾਬ ਸਤਿਕਾਰ ਕਮੇਟੀ, ਜਥਾ ਸਿਰਲੱਥ ਖ਼ਾਲਸਾ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਦਿ ਨੇ ਜਥੇ ਦੀ ਹਮਾਇਤ ਕੀਤੀ। ਇਸ ਮੌਕੇ ਐਸਪੀ ਹਰਪਾਲ ਸਿੰਘ, ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਤੇ ਤਹਿਸੀਲਦਾਰ ਰਵਿੰਦਰ ਕੁਮਾਰ ਬਾਂਸਲ ਤੋਂ ਇਲਾਵਾ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਸ਼ਾਮ ਤੱਕ ਧਰਨਾਕਾਰੀ ਸ਼ਾਂਤ ਨਾ ਹੋਏ।