ਸੰਗਰੂਰ, 5 ਫਰਵਰੀ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੈਂਗਸਟਰ ਰਵੀਚਰਨ ਸਿੰਘ ਉਰਫ਼ ਰਵੀ ਦਿਓਲ ਵੱਲੋਂ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਨਜ਼ਦੀਕੀ ਰਿਸ਼ਤੇਦਾਰ ਅਮਨਬੀਰ ਸਿੰਘ ਚੈਰੀ ਉਪਰ ਲਾਏ ਸੰਗੀਨ ਦੋਸ਼ਾਂ ਅਤੇ ਸਿਆਸਤਦਾਨਾਂ ਤੇ ਅਪਰਾਧੀਆਂ ਦੇ ਗੱਠਜੋੜ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਹ ਇੱਥੇ ਰੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਮਾਨ ਕਿਹਾ ਕਿ ਗੈਂਗਸਟਰ ਰਵੀ ਦਿਓਲ ਵੱਲੋਂ ਲਾਏ ਦੋਸ਼ਾਂ ਦੇ ਆਧਾਰ ’ਤੇ ਅਮਨਬੀਰ ਸਿੰਘ ਚੈਰੀ ਅਤੇ ਇਸਦੇ ਸਾਥੀਆਂ ਨੂੰ ਤੁਰੰਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਅਤੇ ਸ਼ਰਮਨਾਕ ਰੁਝਾਨ ਹੈ ਕਿ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਪਰਿਵਾਰ ਵੱਲੋਂ ਇੱਕ ਸਾਬਕਾ ਕਾਂਗਰਸੀ ਮੰਤਰੀ, ਗੈਂਗਸਟਰ ਪ੍ਰੇਮਾ ਲਾਹੌਰੀਆ ਦੀ ਪਤਨੀ ਵੱਲੋਂ ਭਾਜਪਾ ਦੇ ਇੱਕ ਸਾਬਕਾ ਵਿਧਾਇਕ ਅਤੇ ਹੁਣ ਗੈਂਗਸਟਰ ਰਵੀ ਦਿਓਲ ਵੱਲੋਂ ਢੀਂਡਸਾ ਦੇ ਰਿਸ਼ਤੇਦਾਰ ਅਮਨਵੀਰ ਸਿੰਘ ਚੈਰੀ ਉੱਪਰ ਉਸ ਨੂੰ ਅਪਰਾਧ ਦੀ ਦੁਨੀਆਂ ਵਿੱਚ ਧੱਕਣ ਅਤੇ ਬਰਬਾਦ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਲਈ ਸਿਆਸਤਦਾਨਾਂ ਅਤੇ ਅਪਰਾਧੀਆਂ ਦੇ ਗੱਠਜੋੜ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ। ਸ੍ਰੀ ਮਾਨ ਨੇ ਦੱਸਿਆ ਕਿ ਕੁਝ ਪੀੜਤ ਲੜਕੀਆਂ ਨੇ ‘ਆਪ’ ਵਰਕਰਾਂ ਰਾਹੀਂ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਸੰਪਰਕ ਕੀਤਾ ਹੈ ਅਤੇ ਸਮਾਂ ਆਉਣ ’ਤੇ ਉਹ ਵੀ ਸਾਹਮਣੇ ਆ ਕੇ ਵੱਡੇ ਖੁਲਾਸੇ ਕਰਨਗੀਆਂ। ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਅਮਨਬੀਰ ਸਿੰਘ ਚੈਰੀ ਕੋਲ ਥਾਣਾ ਮੁਖੀਆਂ ਤੋਂ ਲੈ ਕੇ ਉਚ ਪੁਲੀਸ ਅਧਿਕਾਰੀ ਲਾਉਣ ਤੇ ਬਦਲਾਉਣ ਦੀਆਂ ਤਾਕਤਾਂ ਸਨ। ਸ੍ਰੀ ਮਾਨ ਨੇ ਕਿਹਾ ਕਿ ਮਾਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ’ਚ ਫੜੇ ਗਏ ਮੁਲਜ਼ਮਾਂ ਨੇ ਜਦੋਂ ‘ਆਪ’ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦਾ ਨਾਂ ਲਿਆ ਸੀ ਤਾਂ ਸੰਗਰੂਰ ਪੁਲੀਸ 12 ਘੰਟਿਆਂ ਦੇ ਅੰਦਰ ਨਰੇਸ਼ ਯਾਦਵ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁੱਜ ਗਈ ਸੀ ਪ੍ਰੰਤੂ ਪੁਲੀਸ ਲਈ ਅਮਨਬੀਰ ਸਿੰਘ ਚੈਰੀ ਦੇ ਘਰ ਦੀ ਦੂਰੀ ਸਿਰਫ਼ 12 ਮਿੰਟ ਦੀ ਹੈ, ਜਦ ਕਿ ਉਥੇ ਅਜੇ ਤੱਕ ਨਹੀਂ ਪੁੱਜੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 11 ਫਰਵਰੀ ਤੱਕ ਚੈਰੀ ਤੇ ਉਸਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦਾ ਘਿਰਾਓ ਕਰਕੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰੇਗੀ। ਉਨ੍ਹਾਂ ਕਾਂਗਰਸੀ ਆਗੂ ਰਿੱਕੀ ਦੁਲਟ ਕਤਲ ਕੇਸ ਦੀ ਵੀ ਦੁਬਾਰਾ ਜਾਂਚ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਵਿਧਾਇਕ ਹਰਪਾਲ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ ਆਦਿ ਮੌਜੂਦ ਸਨ।