ਨਵੀਂ ਦਿੱਲੀ, 1 ਮਾਰਚ
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੰਗਲਵਾਰ ਨੂੰ ਕਿਹਾ ਕਿ ਸਾਰੇ ਭਾਰਤੀ ਨਾਗਰਿਕਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਛੱਡ ਦਿੱਤੀ ਹੈ। ਅਗਲੇ ਤਿੰਨ ਦਿਨਾਂ ਵਿੱਚ, ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 26 ਉਡਾਣਾਂ ਤੈਅ ਕੀਤੀਆਂ ਗਈਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨੂੰ ਖਾਰਕੀਵ ਅਤੇ ਹੋਰਨਾਂ ਵਿਵਾਦਤ ਖੇਤਰਾਂ ਵਿੱਚ ਫਸੇ ਸਾਰੇ ਭਾਰਤੀ ਨਾਗਰਿਕਾਂ ਲਈ ‘ਤੁਰੰਤ ਸੁਰੱਖਿਅਤ ਲਾਂਘੇ’ ਦੀ ਭਾਰਤ ਦੀ ਮੰਗ ਤੋਂ ਜਾਣੂ ਕਰਾਇਆ ਹੈ। ਉਨ੍ਹਾਂ ਦੱਸਿਆ ਕਿ ਯੂਕਰੇਨ ਸੰਕਟ ‘ਤੇ ਉੱਚ ਪੱਧਰੀ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਰਕੀਵ ‘ਚ ਭਾਰਤੀ ਨਾਗਰਿਕ ਦੇ ਮਾਰੇ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰਿੰਗਲਾ ਨੇ ਕਿਹਾ, “ਅਸੀਂ ਖਾਰਕੀਵ, ਸੁਮੇ ਅਤੇ ਹੋਰਨਾਂ ਵਿਵਾਦ ਵਾਲੇ ਖੇਤਰਾਂ ਵਿੱਚ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਾਂ। ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬੁੱਧਵਾਰ ਨੂੰ ਸਵੇਰੇ 4 ਵਜੇ ਏਅਰ ਫੋਰਸ ਦਾ ਇੱਕ ਸੀ-17 ਜਹਾਜ਼ ਰੋਮਾਨੀਆ ਲਈ ਰਵਾਨਾ ਹੋਵੇਗਾ। ’’ ਭਾਰਤ ਰੋਮਾਨੀਆ ਅਤੇ ਹੰਗਰੀ ਵਿੱਚ ਪੁੱਜਣ ਵਾਲੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਉਡਾਣਾਂ ਚਲਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁੂਅਲ ਮੈਕਰੋਂ ਦਾ ਫੋਨ ਆਇਆ ਸੀ। ਪ੍ਰਧਾਨ ਮੰਤਰੀ ਨੇ ਪੋਲੈਂਡ ਦੇ ਰਾਸ਼ਟਰਪਤੀ ਨਾਲ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬੁਖਾਰੇਸਟ ਅਤੇ ਬੁਡਾਪੇਸਟ ਤੋਂ ਇਲਾਵਾ, ਪੋਲੈਂਡ ਅਤੇ ਸਲੋਵਾਕ ਗਣਰਾਜ ਦੇ ਹਵਾਈ ਅੱਡਿਆਂ ਨੂੰ ਵੀ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵਰਤਿਆ ਜਾਵੇਗਾ।