ਓਟਵਾ, 11 ਜਨਵਰੀ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਆਖਿਆ ਕਿ ਸਰਕਾਰ ਨੇ ਸਾਰੇ ਯੋਗ ਕੈਨੇਡੀਅਨਜ਼ ਨੂੰ ਬੂਸਟਰ ਦੇ ਨਾਲ ਨਾਲ ਚੌਥੀ ਡੋਜ਼ ਲਈ ਵੀ ਕੋਵਿਡ-19 ਵੈਕਸੀਨ ਦੀਆਂ ਡੋਜ਼ਾਂ ਕਾਫੀ ਮਾਤਰਾ ਵਿੱਚ ਸਹੇਜੀਆਂ ਹੋਈਆਂ ਹਨ।ਇਹ ਖੁਲਾਸਾ ਟਰੂਡੋ ਦੇ ਆਫਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕੀਤਾ ਗਿਆ।
ਤੇਜ਼ੀ ਨਾਲ ਫੈਲਣ ਵਾਲੇ ਓਮਾਈਕ੍ਰੌਨ ਵੇਰੀਐਂਟ ਕਾਰਨ ਦੇਸ਼ ਵਿੱਚ ਇੱਕ ਵਾਰੀ ਫਿਰ ਇਨਫੈਕਸ਼ਨ ਵਧਣ ਤੇ ਲੋਕਾਂ ਦੇ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਦਰ ਨੂੰ ਵੇਖਦਿਆਂ ਹੋਇਆਂ ਕੈਨੇਡਾ ਦੇ ਪ੍ਰੋਵਿੰਸ਼ੀਅਲ ਤੇ ਟੈਰੀਟੋਰੀਅਲ ਪ੍ਰੀਮੀਅਰਜ਼ ਨਾਲ ਗੱਲ ਕਰਦਿਆਂ ਟਰੂਡੋ ਨੇ ਇਹ ਟਿੱਪਣੀ ਕੀਤੀ। ਬਿਆਨ ਅਨੁਸਾਰ ਟਰੂਡੋ ਨੇ ਇਹ ਵੀ ਆਖਿਆ ਕਿ ਸਰਕਾਰ ਜਨਵਰੀ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ 140 ਮਿਲੀਅਨ ਰੈਪਿਡ ਕੋਵਿਡ-19 ਟੈਸਟਸ ਦੇਣ ਦੀ ਯੋਜਨਾ ਵੀ ਬਣਾ ਰਹੀ ਹੈ।
ਇਸ ਮਹੀਨੇ, ਕੈਨੇਡਾ ਨੇ ਕੋਵਿਡ-19 ਕਾਰਨ ਇੱਕ ਦਿਨ ਵਿੱਚ ਹਸਪਤਾਲ ਭਰਤੀ ਹੋਣ ਵਾਲੇ ਲੋਕਾਂ ਦੇ ਮਾਮਲੇ ਵਿੱਚ ਵੀ ਰਿਕਾਰਡ ਤੋੜਿਆ। ਪਿਛਲੇ ਸੁ਼ੱਕਰਵਾਰ ਅਧਿਕਾਰੀਆਂ ਨੇ ਆਖਿਆ ਕਿ ਪਿਛਲੇ ਹਫਤੇ ਦੇ ਮੁਕਾਬਲੇ ਰੋਜ਼ਾਨਾਂ ਕੇਸਾਂ ਦੀ ਗਿਣਤੀ ਵਿੱਚ 65 ਫੀ ਸਦੀ ਦਾ ਵਾਧਾ ਹੋਇਆ ਹੈ ਤੇ ਇਸ ਨਾਲ ਹੈਲਥਕੇਅਰ ਸਿਸਟਮ ਦੀਆਂ ਜੜ੍ਹਾਂ ਹਿੱਲ ਗਈਆਂ ਹਨ।
ਸਰਕਾਰੀ ਅੰਕੜਿਆਂ ਅਨੁਸਾਰ 18 ਦਸੰਬਰ ਤੱਕ 12 ਸਾਲ ਤੇ ਇਸ ਤੋਂ ਵੱਧ ਉਮਰ ਦੇ 87·3 ਫੀ ਸਦੀ ਕੈਨੇਡੀਅਨਜ਼ ਨੂੰ ਦੋ ਸੌਟਸ ਜਦਕਿ 5 ਤੋਂ 12 ਸਾਲ ਉਮਰ ਵਰਗ ਦੇ 1·3 ਫੀ ਸਦੀ ਬੱਚਿਆਂ ਦਾ ਟੀਕਾਕਰਣ ਹੋ ਚੁੱਕਿਆ ਹੈ।