ਮੁੰਬਈ, 5 ਮਾਰਚ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿੰਨਰ ਸੁਨੀਲ ਜੋਸ਼ੀ ਨੂੰ ਬੀਸੀਸੀਆਈ ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਕੌਮੀ ਚੋਣ ਪੈਨਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਜਦਕਿ ਪੰਜ ਮੈਂਬਰੀ ਇਸ ਕਮੇਟੀ ਵਿਚ ਸਾਬਕਾ ਤੇਜ਼ ਗੇਂਦਬਾਜ਼ ਹਰਵਿੰਦਰ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੀਏਸੀ ਵਿਚ ਸਾਬਕਾ ਭਾਰਤੀ ਕ੍ਰਿਕਟਰ ਮਦਨ ਲਾਲ, ਆਰ.ਪੀ. ਸਿੰਘ ਤੇ ਸੁਲਕਸ਼ਨਾ ਨਾਇਕ ਸ਼ਾਮਲ ਹਨ, ਜਿਨ੍ਹਾਂ ਦੋਵਾਂ ਚੋਣਕਰਤਾਵਾਂ ਨੂੰ ਚੁਣਿਆ ਹੈ।
ਜੋਸ਼ੀ ਨੇ ਦੱਖਣੀ ਖੇਤਰ ਦੇ ਪ੍ਰਤੀਨਿਧੀ ਵਜੋਂ ਐੱਮਐੱਸਕੇ ਪ੍ਰਸਾਦ ਦੀ ਥਾਂ ਲਈ ਹੈ। ਬੀਸੀਸੀਆਈ ਨੇ ਇਕ ਫ਼ੈਸਲੇ ਵਿਚ ਕਿਹਾ ਸੀ ਕਿ ਸੀਏਸੀ ਇਕ ਸਾਲ ਬਾਅਦ ਚੋਣ ਕਮੇਟੀ ਦੇ ਕਾਰਜਾਂ ਦੀ ਸਮੀਖ਼ਿਆ ਕਰੇਗੀ ਤੇ ਉਸੇ ਮੁਤਾਬਕ ਸੁਝਾਅ ਦੇਵੇਗੀ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਸੀਏਸੀ ਨੇ ਕੌਮੀ ਚੋਣ ਪੈਨਲ ਦੇ ਪ੍ਰਧਾਨ ਦੇ ਤੌਰ ’ਤੇ ਸਾਬਕਾ ਸਪਿੰਨਰ ਸੁਨੀਲ ਜੋਸ਼ੀ ਦੇ ਨਾਂ ਦੀ ਸਿਫ਼ਾਰਿਸ਼ ਕੀਤੀ ਹੈ। ਸੀਏਸੀ ਇਕ ਸਾਲ ਬਾਅਦ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸਮੀਖ਼ਿਆ ਕਰੇਗਾ ਤੇ ਬੀਸੀਸੀਆਈ ਨੂੰ ਸੁਝਾਅ ਦੇਵੇਗਾ। ਕਮੇਟੀ ਵਿਚ ਕੇਂਦਰੀ ਖੇਤਰ ਤੋਂ ਗਗਨ ਖੋਡਾ ਦੀ ਥਾਂ ਲੈਣ ਲਈ ਹਰਵਿੰਦਰ ਨੂੰ ਚੁਣਿਆ ਗਿਆ ਹੈ। ਚੋਣ ਕਮੇਟੀ ਵਿਚ ਜਤਿਨ ਪਰਾਂਜਪੇ, ਸ਼ਰਨਦੀਪ ਸਿੰਘ ਤੇ ਦੇਵਾਂਗ ਗਾਂਧੀ ਪਹਿਲਾਂ ਹੀ ਤਿੰਨ ਚੋਣਕਰਤਾ ਹਨ। ਮਦਨ ਲਾਲ ਨੇ ਕਿਹਾ ਕਿ ਅਸੀਂ ਇਸ ਕਾਰਜ ਲਈ ਸਰਵੋਤਮ ਉਮੀਦਵਾਰ ਚੁਣਿਆ ਹੈ।