ਐਸ.ਏ.ਐਸ. ਨਗਰ (ਮੁਹਾਲੀ), 30 ਜੂਨ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ (75) ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਤਿੰਨ ਕੁ ਦਿਨ ਪਹਿਲਾਂ ਉਨ੍ਹਾਂ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਬੈਸਟ ਪਾਰਲੀਮੈਂਟੇਰੀਅਨ ਐਵਾਰਡ ਨਾਲ ਸਨਮਾਨਿਤ ਬੀਰ ਦਵਿੰਦਰ ਸਿੰਘ ਦੀ ਮੈਡੀਕਲ ਜਾਂਚ ਦੌਰਾਨ ਉਨ੍ਹਾਂ ਦੀ ਖ਼ੁਰਾਕ ਵਾਲੀ ਨਾਲੀ ਵਿੱਚ ਕੈਂਸਰ ਹੋਣ ਦੀ ਪੁਸ਼ਟੀ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਕੀਮੋਥੈਰੇਪੀ ਹੋਈ। ਇਸ ਮਗਰੋਂ ਉਨ੍ਹਾਂ ਦੀ ਸਿਹਤ ਕਾਫ਼ੀ ਕਮਜ਼ੋਰ ਹੋ ਗਈ ਸੀ। ਅੱਜ ਪੀਜੀਆਈ ਹਸਪਤਾਲ ਵਿੱਚ ਸਵੇਰੇ 11 ਕੁ ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅੰਤਿਮ ਸਮੇਂ ਉਨ੍ਹਾਂ ਕੋਲ ਪੁੱਤਰ ਅਾਨੰਤਵੀਰ ਸਿੰਘ ਸਰਾਓ ਅਤੇ ਧੀ ਵਿੰਕੂ ਸਰਾਓ ਮੌਜੂਦ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਰ ਦਵਿੰਦਰ ਸਿੰਘ ਦਾ ਸਸਕਾਰ ਸੋਮਵਾਰ 3 ਜੁਲਾਈ ਨੂੰ ਬਾਅਦ ਦੁਪਹਿਰ ਪਟਿਆਲਾ ਦੇ ਬਡੂੰਗਰ ਸਥਿਤ ਸ਼ਮਸ਼ਾਨਘਾਟ ’ਚ ਹੋਵੇਗਾ। ਜ਼ਿਕਰਯੋਗ ਹੈ ਕਿ ਮੁੱਢਲੀ ਪੜ੍ਹਾਈ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਆਗੂ ਵਜੋਂ ਸਿਆਸਤ ਵਿੱਚ ਆਉਣ ਮਗਰੋਂ ਬੀਰ ਦਵਿੰਦਰ ਸਿੰਘ ਨੇ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਵਿੱਚ ਸਰਗਰਮੀ ਨਾਲ ਕੰਮ ਕੀਤਾ।