ਮੁੰਬਈ, 5 ਜਨਵਰੀ
ਅਦਾਕਾਰਾ ਕਾਜੋਲ ਮਹਿਸੂਸ ਕਰਦੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਕਮੀਆਂ ਅਪਣਾਉਣ ਅਤੇ ਆਪਣੀਆਂ ਸ਼ਰਤਾਂ ’ਤੇ ਜਿਊਣ ਦੀ ਲੋੜ ਹੈ ਅਤੇ ਇਹ ਉਹੀ ਸਭ ਹੈ ਜੋ ਉਸ ਦੀ ਡਿਜੀਟਲ ਫ਼ਿਲਮ ‘ਤ੍ਰਿਭੰਗਾ: ਟੇਢੀ ਮੇਢੀ ਕਰੇਜ਼ੀ’ ਬਾਰੇ ਹੈ। ‘‘ਨਾਮ ਵਾਂਗ ਹੀ, ਇਹ ਫ਼ਿਲਮ ਔਰਤਾਂ ਅਤੇ ਉਨ੍ਹਾਂ ਦੀਆਂ ਖੂਬਸੂਰਤ ਕਮੀਆਂ ਦਾ ਜਸ਼ਨ ਹੈ। ਸਾਨੂੰ ਇਨ੍ਹਾਂ ਕਮੀਆਂ ਨੂੰ ਅਪਣਾਉਣ ਅਤੇ ਆਪਣੀਆਂ ਸ਼ਰਤਾਂ ’ਤੇ ਜਿਊਣ ਦੀ ਲੋੜ ਹੈ, ਜਿਵੇਂ ਫ਼ਿਲਮ ਵਿੱਚ ਨਿਯਾਨ, ਅਨੂ ਅਤੇ ਮੀਸ਼ਾ ਕਰਦੀਆਂ ਹਨ।’’ ਕਾਜੋਲ ਨੇ ਕਿਹਾ, ਜੋ ਫ਼ਿਲਮ ‘ਤ੍ਰਿਭੰਗਾ: ਟੇਢੀ ਮੇਢੀ ਕਰੇਜ਼ੀ’ ਵਿੱਚ ਅਨੁਰਾਧਾ ਆਪਟੇ ਦੀ ਭੂੁਮਿਕਾ ਨਿਭਾ ਰਹੀ ਹੈ। ਕਾਜੋਲ ਨੇ ਕਿਹਾ ਕਿ ਇੱਕ ਮਾਂ ਹੋਣ ਦੇ ਨਾਤੇ ਉਹ ਸਮਝ ਸਕਦੀ ਹੈ ਕਿ ਔਰਤਾਂ ਰੋਜ਼ਾਨਾ ਆਪਣੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਲਈ ਕਿੰਨੀਆਂ ਹੀ ਛੋਟੀਆਂ ਚੀਜ਼ਾਂ ਦਾ ਸਾਹਮਣਾ ਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ, ‘‘ਮਮਤਾ ਭਾਵਨਾਵਾਂ ਦੀ ਖਾਣ ਹੈ, ਜਿਸ ਨੂੰ ਰੇਣੂਕਾ ਨੇ ਬਾਖੂਬੀ ਢੰਗ ਨਾਲ ਪੇਸ਼ ਕੀਤਾ ਹੈ। ਮੈਂ ਦਰਸ਼ਕਾਂ ਲਈ ਬਹੁਤ ਉਤਸ਼ਾਹਿਤ ਹਾਂ ਕਿ ਉਹ ਇਹ ਫ਼ਿਲਮ ਦੇਖਣ ਅਤੇ ਉਮੀਦ ਕਰਦੀ ਹਾਂ ਕਿ ਇਹ ਹਰ ਉਮਰ ਵਰਗ ਦੇ ਲੋਕਾਂ ਨੂੰ ਹਲੂਣੇਗੀ।’’ ਇਹ ਫ਼ਿਲਮ ਰੇਣੂਕਾ ਸ਼ਹਾਣੇ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਜਿਸ ਵਿੱਚ ਤਨਵੀ ਆਜ਼ਮੀ ਅਤੇ ਮਿਥੀਲਾ ਪਾਲੇਕਰ ਨੇ ਕੰਮ ਕੀਤਾ ਹੈ। ਇਹ ਤਿੰਨ ਅਲੱਗ ਅਲੱਗ ਔਰਤਾਂ ਅਤੇ ਉਨ੍ਹਾਂ ਦੀ ਜ਼ਿੰਦਗੀ ਦੀਆਂ ਗੈਰ-ਰਵਾਇਤੀ ਚੋਣਾਂ ਬਾਰੇ ਪਰਿਵਾਰਕ ਡਰਾਮਾ ਹੈ। ਇਸ ਵਿੱਚ ਕੁਨਾਲ ਰੌਏ ਕਪੂਰ, ਕੰਵਲਜੀਤ ਸਿੰਘ ਅਤੇ ਮਾਨਵ ਗੋਹਿਲ ਵੀ ਕੰਮ ਕਰ ਰਹੇ ਹਨ। ਇਹ ਫ਼ਿਲਮ 15 ਜਨਵਰੀ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ।