ਦੁਬਈ: ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਗੋਡੇ ਦੀ ਸੱਟ ਠੀਕ ਹੋਣ ਮਗਰੋਂ ਬੁੱਧਵਾਰ ਤੋਂ ਦੁਬਈ ਓਪਨ ਨਾਲ ਵਾਪਸੀ ਕਰੇਗੀ। ਇਸ ਸੱਟ ਕਾਰਨ ਸਾਨੀਆ ਨੂੰ ਜਨਵਰੀ ਵਿੱਚ ਆਸਟਰੇਲੀਅਨ ਓਪਨ ਦਾ ਮੁਕਾਬਲਾ ਵਿਚਾਲੇ ਛੱਡਣਾ ਪਿਆ ਸੀ। 33 ਸਾਲ ਦੀ ਸਾਨੀਆ ਨੇ ਇਸ ਟੂਰਨਾਮੈਂਟ ਲਈ ਫਰਾਂਸ ਦੀ ਕੈਰੋਲਿਨ ਗਾਰਸੀਆ ਨਾਲ ਜੋੜੀ ਬਣਾਈ ਹੈ। ਇਹ ਜੋੜੀ ਮਹਿਲਾ ਡਬਲਜ਼ ਦੇ ਪਹਿਲੇ ਗੇੜ ਵਿੱਚ ਬੁੱਧਵਾਰ ਨੂੰ ਰੂਸ ਦੇ ਐਲਾ ਕੁਦਰਿਆਵਤਸੇਵਾ ਅਤੇ ਸਲੋਵੇਨੀਆ ਦੀ ਕੈਟਰੀਨਾ ਸਰੇਬੋਟਨਿਕ ਦੀ ਜੋੜੀ ਨਾਲ ਭਿੜੇਗੀ। ਸਾਨੀਆ ਨੇ ਕਿਹਾ, ‘‘ਸੱਟ ਕਾਰਨ ਗਰੈਂਡ ਸਲੈਮ ਟੂਰਨਾਮੈਂਟ ਵਿਚਾਲੇ ਛੱਡਣਾ ਮਾੜਾ ਤਜਰਬਾ ਸੀ।’’ ਮਾਂ ਬਣਨ ਕਾਰਨ ਦੋ ਸਾਲ ਬ੍ਰੇਕ ਮਗਰੋਂ ਸਰਕਟ ’ਤੇ ਵਾਪਸੀ ਕਰ ਰਹੀ ਸਾਨੀਆ ਗੋਡੇ ਦੀ ਸੱਟ ਕਾਰਨ ਆਪਣੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਪਹਿਲੇ ਗੇੜ ਦੇ ਮੁਕਾਬਲੇ ਵਿੱਚੋਂ ਹਟ ਗਈ ਸੀ। ਬ੍ਰੇਕ ਮਗਰੋਂ ਸ਼ਾਨਦਾਰੀ ਵਾਪਸੀ ਕਰਦਿਆਂ ਸਾਨੀਆ ਅਤੇ ਯੂਕਰੇਨ ਦੀ ਉਸ ਦੀ ਜੋੜੀਦਾਰ ਨਾਦੀਆ ਕਿਚਨੋਕ ਨੇ ਹੌਬਾਰਟ ਇੰਟਰਨੈਸ਼ਨਲ ਦਾ ਡਬਲਜ਼ ਖ਼ਿਤਾਬ ਜਿੱਤਿਆ ਸੀ।