ਅਕਾਲੀਆਂ ਦੀ ਆਲੋਚਨਾ ਨੂੰ ਖੇਤੀ ਹਿੱਤਾਂ ਦੀ ਰਾਖੀ ਕਰਨ ਵਿੱਚ ਨਾਕਾਮੀ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਦੱਸਿਆ

ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਤੋੜ-ਵਿਛੋੜਾ ਕਰਨ ਦੀ ਬਜਾਏ ਕੇਂਦਰੀ ਸੱਤਾ ਵਿੱਚ ਕੁਰਸੀ ਨਾਲ ਕਿਉਂ ਚਿੰਬੜੇ ਬੈਠੇ ਹਨ ਸੁਖਬੀਰ ਤੇ ਹਰਸਿਮਰਤ

ਚੰਡੀਗੜ੍ਹ, 17 ਸਤੰਬਰ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀਆਂ ਸਮੇਤ ਪੰਜਾਬ ਕਾਂਗਰਸ ਦੇ ਸਮੂਹ ਨੇ ਕਿਸਾਨਾਂ ਦੇ ਅਧਿਕਾਰਾਂ ਤੇ ਹਿੱਤਾਂ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹਿਣ ਤੋਂ ਬਾਅਦ ਹੁਣ ਲੋਕਾਂ ਦਾ ਧਿਆਨ ਹਟਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਕਰੜੀ ਆਲੋਚਨਾ ਕੀਤੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਉਲਟ ਕਾਂਗਰਸ ਪਾਰਟੀ ਖੇਤੀ ਬਿੱਲਾਂ ਦੇ ਮੁੱਦੇ ‘ਤੇ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਉਸ ਨੂੰ ਸੂਬੇ ਦੇ ਖੇਤੀ ਸੈਕਟਰ ਨੂੰ ਤਬਾਹ ਕਰਨ ਵਾਲੇ ਕੇਂਦਰ ਸਰਕਾਰ ਦੇ ਅਤਿ ਨਿੰਦਣਯੋਗ ਕਾਰੇ ਵਿਰੁੱਧ ਵੋਟਾਂ ਵਾਸਤੇ ਵਿੱਪ੍ਹ ਜਾਰੀ ਕਰਨ ਦੀ ਲੋੜ ਨਹੀਂ ਹੈ।

ਇਹ ਨੇਤਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦੇ ਬਿਆਨ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰ ਰਹੇ ਸਨ ਜਿਸ ਵਿੱਚ ਉਨ੍ਹਾਂ ਨੇ ਬੀਤੇ ਦਿਨ ਕਿਹਾ ਸੀ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਵਫ਼ਦ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦੀ ਬਜਾਏ ਆਪਣੇ ਸੰਸਦ ਮੈਂਬਰਾਂ ਨੂੰ ਕਿਸਾਨ ਭਾਈਚਾਰੇ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਖੇਤੀ ਆਰਡੀਨੈਂਸਾਂ ਵਿਰੁੱਧ ਵੋਟ ਪਾਉਣ ਲਈ ਕਿਹਾ ਜਾਵੇ।

ਸ੍ਰੀ ਮਨੀਸ਼ ਤਿਵਾੜੀ, ਜੋ ਖੁਦ ਸੰਸਦ ਮੈਂਬਰ ਹਨ, ਨੇ ਕਿਹਾ,”ਕਾਂਗਰਸ ਦੇ ਸੰਸਦ ਮੈਂਬਰ ਤਾਂ ਸ਼ੁਰੂ ਤੋਂ ਹੀ ਪੰਜਾਬ ਵਿਰੋਧੀ ਇਨ੍ਹਾਂ ਘਾਤਕ ਖੇਤੀ ਆਰਡੀਨੈਂਸਾਂ ਖਿਲਾਫ ਲੜਾਈ ਲੜ ਰਹੇ ਹਨ ਅਤੇ ਉਹ ਇਹ ਜਾਣਦੇ ਹਨ ਕਿ ਵੋਟਾਂ ਕਿਵੇਂ ਪਾਉਣੀਆਂ ਹਨ, ਜਦਕਿ ਦੂਜੇ ਪਾਸੇ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੂੰ ਆਪਣੀ ਲੀਡਰਸ਼ਿਪ ਪਾਸੋਂ ਕੋਈ ਸਪੱਸ਼ਟ ਨਿਰਦੇਸ਼ ਨਾ ਮਿਲਣ ਕਰਕੇ ਦਿਸ਼ਾਹੀਣ ਹਨ। ਅਕਾਲੀ ਲੀਡਰਸ਼ਿਪ ਤਾਂ ਆਪਣੇ ਸੌੜੇ ਸਿਆਸੀ ਹਿੱਤਾਂ ਖਾਤਰ ਉਹੀ ਸਟੈਂਡ ਲੈਂਦੇ ਹਨ ਜੋ ਉਨ੍ਹਾਂ ਨੂੰ ਸੂਤ ਬੈਠਦਾ ਹੈ। ਇਹ ਪ੍ਰਤੀਕਿਆ ਜ਼ਾਹਰ ਕਰਨ ਵਿੱਚ ਸ੍ਰੀ ਤਿਵਾੜੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਅਤੇ ਭਾਰਤ ਭੂਸ਼ਨ ਆਸ਼ੂ ਵੀ ਸ਼ਾਮਲ ਹਨ।

ਇਨ੍ਹਾਂ ਆਗੂਆਂ ਨੇ ਇਕ ਬਿਆਨ ਵਿੱਚ ਕਿਹਾ ਕਿ ਬਦਕਿਸਮਤੀ ਨਾਲ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਜਿਸ ਵਿੱਚ ਅਕਾਲੀ ਵੀ ਢੀਠਤਾਈ ਨਾਲ ਭਾਈਵਾਲ ਬਣੇ ਹੋਏ ਹਨ, ਨੇ ਜ਼ੁਬਾਨੀ ਵੋਟਾਂ ਰਾਹੀਂ ਸਦਨ ਵਿੱਚ ਬਹੁਮਤ ਦੀ ਧੌਂਸ ਨਾਲ ਬਿੱਲ ਪਾਸ ਕਰ ਦਿੱਤੇ ਜਿਨ੍ਹਾਂ ਵਿਰੁੱਧ ਪੰਜਾਬ ਦੇ ਹੀ ਨਹੀਂ ਸਗੋਂ ਮੁਲਕ ਭਰ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ।

ਸੀਨੀਅਰ ਆਗੂਆਂ ਨੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਖੇਤੀ ਆਰਡੀਨੈਂਸਾਂ ਬਾਰੇ ਪਾਰਟੀ ਵੱਲੋਂ ਲਏ ਸਟੈਂਡ ਸਬੰਧੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਵਿੱਚ ਹਾਈ ਕਮਾਨ ਸਮੇਤ ਲੀਡਰਸ਼ਿਪ ਨੇ ਪਹਿਲਾਂ ਹੀ ਸਪੱਸ਼ਟ ਹਦਾਇਤਾਂ ਦਿੱਤੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਅਕਾਲੀਆਂ ਨੇ ਇਨ੍ਹਾਂ ਆਰਡੀਨੈਂਸਾਂ ਦੀ ਸ਼ੁਰੂਆਤ ਵੇਲੇ ਖੁੱਲ੍ਹੇਆਮ ਅਤੇ ਸਪੱਸ਼ਟ ਤੌਰ ‘ਤੇ ਸਮਰਥਨ ਕੀਤਾ ਸੀ। ਪਾਰਟੀ ਨੇਤਾਵਾਂ ਨੇ ਕਿਹਾ,”ਉਨ੍ਹਾਂ ਨੂੰ ਇਸ ਮੁੱਦੇ ‘ਤੇ ਨਵੇਂ ਨਿਰਦੇਸ਼ਾਂ ਦੀ ਲੋੜ ਕਿਉਂ ਪਵੇਗੀ, ਜਦੋਂ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਦੇ ਸਟੈਂਡ ਵਿੱਚ ਹੀ ਕੋਈ ਤਬਦੀਲੀ ਨਹੀਂ ਆਈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੈਰ-ਪੈਰ ‘ਤੇ ਸਟੈਂਡ ਬਦਲ ਰਹੇ ਹਨ?”

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਸੱਦੀ ਗਈ ਆਲ ਪਾਰਟੀ ਮੀਟਿੰਗ ਵਿੱਚ ਅਕਾਲੀ ਦਲ ਹੀ ਸੀ ਜਿਸ ਨੇ ਭਾਜਪਾ ਨਾਲ ਮਿਲ ਕੇ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇੱਥੇ ਹੀ ਬੱਸ ਨਹੀਂ, ਇਸ ਤੋਂ ਬਾਅਦ ਵੀ ਅਕਾਲੀ ਵਿਧਾਇਕ ਵਿਧਾਨ ਸਭਾ ਵਿੱਚ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਮਤੇ ‘ਤੇ ਵੋਟਿੰਗ ਮੌਕੇ ਲਾਂਭੇ ਰਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕਦਮ ਹੀ ਯੂ.ਟਰਨ ਲੈ ਲਿਆ ਅਤੇ ਇਸ ਤੋਂ ਬਾਅਦ ਸੁਭਾਵਿਕ ਤੌਰ ‘ਤੇ ਅਕਾਲੀ ਸੰਸਦ ਮੈਂਬਰ ਭਟਕ ਗਏ ਕਿ ਉਨ੍ਹਾਂ ਦੀ ਪਾਰਟੀ ਦਾ ਸਟੈਂਡ ਕੀ ਹੈ ਜਿਸ ਕਰਕੇ ਸੰਸਦ ਵਿੱਚ ਬਿੱਲਾਂ ਦੇ ਵਿਰੁੱਧ ਵੋਟ ਪਾਉਣ ਲਈ ਵਿੱਪ੍ਹ ਦੀ ਲੋੜ ਪਈ।

ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਸ ਬਾਰੇ ਸਿਧਾਂਤਕ ਸਟੈਂਡ ਹੈ ਅਤੇ ਉਸ ਨੂੰ ਕਿਸੇ ਅਜਿਹੇ ਵਿੱਪ੍ਹ ਨੂੰ ਜਾਰੀ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਇਹ ਨੌਟੰਕੀਆਂ ਹੁਣ ਉਸ ਨੁਕਸਾਨ ਦੀ ਭਰਪਾਈ ਕਰਨ ਵਿੱਚ ਸਹਾਈ ਨਹੀਂ ਹੋਣਗੀਆਂ ਜੋ ਉਹ ਪੰਜਾਬ ਇੱਥੋਂ ਤੱਕ ਕਿ ਮੁਲਕ ਦੇ ਕਿਸਾਨਾਂ ਦਾ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਾ ਹੀ ਅਕਾਲੀਆਂ ਦੇ ਮਗਰਮੱਛ ਦੇ ਹੰਝੂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਅਤੇ ਉਹ ਕੇਂਦਰ ਸਰਕਾਰ ਵਿੱਚ ਮੈਂਬਰ ਹੋਣ ਦੇ ਨਾਤੇ ਢੀਠਤਾ ਨਾਲ ਨੁਕਸਾਨ ਪਹੁੰਚਦੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਹੁਣ ਵੀ ਸੁਖਬੀਰ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ ਜੋ ਕੇਂਦਰੀ ਕੈਬਨਿਟ ਵਿੱਚ ਮੰਤਰੀ ਹੈ, ਨੇ ਆਪਣੇ ਛੋਟੇ-ਛੋਟੇ ਨਿੱਜੀ ਹਿੱਤਾਂ ਨੂੰ ਅੱਗੇ ਵਧਾਉਣ ਦੀ ਝਾਕ ਵਿੱਚ ਐਨ.ਡੀ.ਏ. ਵਿੱਚ ਸੱਤਾ ਦੀ ਕੁਰਸੀ ਦੇ ਪਾਵਿਆਂ ਨੂੰ ਜੱਫੇ ਪਾਏ ਹੋਏ ਹਨ। ਕਾਂਗਰਸੀ ਮੰਤਰੀਆਂ ਤੇ ਸੰਸਦ ਮੈਂਬਰਾਂ ਨੇ ਪੁੱਛਿਆ, ”ਹਰਸਿਮਰਤ ਆਪਣੀ ਵਜ਼ੀਰੀ ਕਿਉਂ ਨਹੀਂ ਛੱਡਦੀ? ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਬਿੱਲਾਂ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਵੀ ਸੁਖਬੀਰ ਨੇ ਅਕਾਲੀ ਦਲ ਨੂੰ ਐਨ.ਡੀ.ਏ. ਤੋਂ ਵੱਖ ਕਿਉਂ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਸਾਰਾ ਡਰਾਮਾ ਅਕਾਲੀਆਂ ਵੱਲੋਂ ਲੋਕਾਂ ਦਾ ਧਿਆਨ ਖਿੱਚਣ ਲਈ ਰਚਿਆ ਗਿਆ, ਉਨ੍ਹਾਂ ਦਾ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਅਕਾਲੀਆਂ ਨੇ ਨਾ ਸਿਰਫ ਆਪਣਾ ਮਖੌਲ ਉਡਾਇਆ ਬਲਕਿ ਇਸ ਗੰਭੀਰ ਮੁੱਦੇ ਉਤੇ ਦੋਹਰੇ ਮਾਪਦੰਡਾਂ ਨਾਲ ਪੰਜਾਬ ਦੇ ਹਿੱਤਾਂ ਨੂੰ ਵੀ ਲਾਂਭੇ ਸੁੱਟ ਦਿੱਤਾ ਜਿਹੜਾ ਸੂਬੇ ਦੀ ਖੇਤੀਬਾੜੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ ਜਿਹੜੀ ਪਹਿਲਾਂ ਤੋਂ ਹੀ ਕਮਜ਼ੋਰ ਆਰਥਿਕਤਾ ਦਾ ਹੋਰ ਲੱਕ ਤੋੜ ਦੇਵੇਗੀ।

ਕਾਂਗਰਸੀ ਆਗੂਆਂ ਨੇ ਚੀਮਾ ਵੱਲੋਂ ਮੁੱਖ ਮੰਤਰੀ ਦੇ ਰਾਜਪਾਲ ਨੂੰ ਸੌਂਪੇ ਮੰਗ ਪੱਤਰ ਨੂੰ ਸਿਰਫ ਤਸਵੀਰ ਖਿਚਵਾਉਣ ਦੀ ਕਾਰਵਾਈ ਕਰਾਰ ਦਿੱਤੇ ਜਾਣ ਉਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਨਹੀਂ ਚਾਹੁੰਦੇ ਕਿ ਕਾਂਗਰਸ ਕਿਸੇ ਵੀ ਮਹੱਤਵਪੂਰਨ ਮੰਚ ‘ਤੇ ਗੰਭੀਰ ਮਸਲੇ ਨੂੰ ਉਭਾਰਨ ਵਿੱਚ ਸਫਲ ਹੋਵੇ।

ਆਰਡੀਨੈਂਸਾਂ ਬਾਰੇ ਉਚ ਤਾਕਤੀ ਕਮੇਟੀ ਵਿੱਚ ਪੰਜਾਬ ਦੇ ਸਟੈਂਡ ਬਾਰੇ ਆਪਣੇ ਝੂਠੇ ਬਿਆਨ ਨਾਲ ਸੰਸਦ ਨੂੰ ਗੁੰਮਰਾਹ ਕਰਨ ਵਾਲੇ ਕੇਂਦਰੀ ਰਾਜ ਮੰਤਰੀ ਰਾਓਸਾਹਿਬ ਦਾਨਵੇ ਨੂੰ ਆੜੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕੇਂਦਰੀ ਮੰਤਰੀ ਕੋਲੋਂ ਸਪੱਸ਼ਟ ਮੁਆਫੀ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਤਰਜੀਹ ਇਕੱਲਾ ਇਕ ਕੇਂਦਰੀ ਮੰਤਰੀ ਨਹੀਂ ਬਲਕਿ ਕੇਂਦਰ ਦੇ ਖਤਰਨਾਕ ਬਿੱਲਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਹੈ ਜਿਨ੍ਹਾਂ ਨੂੰ ਸੰਸਦ ਵਿੱਚ ਲਿਆਉਣ ਲਈ ਅਕਾਲੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕੋਸ਼ਿਸ਼ ਵੱਡੇ ਮੁੱਦਿਆਂ ਤੋਂ ਧਿਆਨ ਭਟਕਾਉਣਾ ਹੈ ਅਤੇ ਕਾਂਗਰਸ ਵਿਸ਼ਵਾਸ ਰੱਖਦੀ ਹੈ ਕਿ ਮੁੱਖ ਮੁੱਦੇ ‘ਤੇ ਹੀ ਧਿਆਨ ਕੇਂਦਰਿਤ ਕੀਤਾ ਜਾਵੇ ਜਿਹੜਾ ਕਿ ਕਿਸਾਨ ਵਿਰੋਧੀ ਤੇ ਸੰਘੀ ਢਾਂਚੇ ਵਿਰੋਧੀ ਬਿੱਲਾਂ ਦਾ ਵਿਰੋਧ ਕਰਨਾ ਹੈ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਸਦ ਦੇ ਅੰਦਰ ਅਤੇ ਬਾਹਰ ਇਨ੍ਹਾਂ ਬਿੱਲਾਂ ਦਾ ਵਿਰੋਧ ਜਾਰੀ ਰੱਖੇਗੀ ਅਤੇ ਅਕਾਲੀ ਦਲ ਦੇ ਡਰਾਮੇ ਨਾਲ ਆਪਣੇ ਨਿਸ਼ਾਨੇ ਤੋਂ ਨਹੀਂ ਹਟਣਗੇ।