ਨਵੀਂ ਦਿੱਲੀ, 17 ਜੂਨ
ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਅਤੇ ਉਸ ਦੇ ਪਹਿਲਵਾਨ ਪਤੀ ਸਤਿਆਵਰਤ ਕਾਦੀਆਨ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਅਤੇ ਉਹ ਸ਼ੋਸ਼ਣ ਦਾ ਸਾਹਮਣਾ ਕਰਨ ਦੇ ਬਾਵਜੂਦ ਸਾਲਾਂ ਤੱਕ ਇਸ ਲ ਈ ਚੁੱਪ ਰਹੇ ਕਿਉਂਕਿ ਪਹਿਲਾਂ ਕੁਸ਼ਤੀ ਭਾਈਚਾਰਾ ਇਕਜੁੱਟ ਨਹੀਂ ਸੀ। ਟਵਿੱਟਰ ‘ਤੇ ਪੋਸਟ ਕੀਤੀ ਵੀਡੀਓ ਵਿੱਚ ਕਾਦੀਆਨ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧ ਨੂੰ ਗਲਤ ਸਾਬਤ ਕਰਨ ਲਈ ਕਹਾਣੀਆਂ ਘੜੀਆਂ ਜਾ ਰਹੀਆਂ ਹਨ। ਇਸ ਝੂਠ ਤੋਂ ਪਰਦਾ ਚੁੱਕਣ ਲਈ ਉਹ ਅੱਜ ਆਪਣੀ ਗੱਲ ਕਰ ਰਹੇ ਹਨ। ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਸਮੇਤ ਦੇਸ਼ ਦੇ ਨਾਮੀ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਅਤੇ ਧਮਕਾਉਣ ਦਾ ਦੋਸ਼ ਲਗਾਇਆ ਹੈ। ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।