ਐੱਸਏਐੱਸ ਨਗਰ (ਮੁਹਾਲੀ), 19 ਨਵੰਬਰ                                          

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਦੂਜੇ ਰਾਜਾਂ ਨੂੰ ਜਾ ਰਹੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਕੀਮਤ ਵਸੂਲਣ ਲਈ ਸ਼ੁਰੂ ਕੀਤੀ ‘ਪੰਜਾਬ ਅਧਿਕਾਰ ਯਾਤਰਾ’ ਦਾ ਵੀਰਵਾਰ ਨੂੰ ਮੁਹਾਲੀ ਪਹੁੰਚਣ ’ਤੇ ਇੱਥੋਂ ਦੇ ਵਾਈਪੀਐਸ ਚੌਕ ਨੇੜੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਯੂਟੀ ਅਤੇ ਮੁਹਾਲੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਸੀ ਅਤੇ ਸਵੇਰ ਤੋਂ ਹੀ ਪੂਰਾ ਇਲਾਕਾ ਪੁਲੀਸ ਛਾਊਣੀ ਵਿੱਚ ਤਬਦੀਲ ਸੀ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬਰਾੜ ਅਤੇ ਵੱਡੀ ਗਿਣਤੀ ਵਿੱਚ ਸਮਰਥਕ ਮੌਜੂਦ ਸਨ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਦੇਸ਼ ਦੇ ਬਾਕੀ ਸੂਬੇ ਆਪਣੇ ਕੁਦਰਤੀ ਸੋਮੇ ਇਮਾਰਤੀ ਲੱਕੜ, ਕੋਇਲਾ, ਮਾਰਬਲ, ਕੱਚਾ ਲੋਹਾ ਆਦਿ ਮੁੱਲ ਵੇਚਦੇ ਹਨ ਤਾਂ ਪੰਜਾਬ ਨੂੰ ਵੀ ਪਾਣੀ ਦੀ ਕੀਮਤ ਵਸੂਲ ਕਰਨੀ ਚਾਹੀਦੀ ਹੈ, ਜੋ ਕਿ ਸਾਡਾ ਕਾਨੂੰਨੀ ਅਧਿਕਾਰ ਵੀ ਹੈ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਤੋਂ ਪਾਣੀ ਦੀ ਕੀਮਤ ਵਸੂਲੀ ਜਾਵੇ ਜਾਂ ਦੂਜੇ ਸੂਬਿਆਂ ਨੂੰ ਮੁਫ਼ਤ ਦਿੱਤੇ ਜਾ ਰਹੇ ਪਾਣੀ ਦੀ ਸਪਲਾਈ ਬੰਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੱਖਾਂ ਲੋਕਾਂ ਦੇ ਦਸਖ਼ਤਾਂ ਵਾਲੀ ਪਟੀਸ਼ਨ ਤਿਆਰ ਕੀਤੀ ਹੈ, ਜੋ ਅੱਜ ਵਿਧਾਨ ਸਭਾ ਵਿੱਚ ਜਾ ਕੇ ਪਟੀਸ਼ਨ ਕਮੇਟੀ ਦੇ ਅੱਗੇ ਬਾਅਦ ਦੁਪਹਿਰ 3 ਵਜੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਲੋੜ ਪੈਣ ’ਤੇ ਲੋਕ ਇਨਸਾਫ਼ ਪਾਰਟੀ ਪਾਣੀਆਂ ਦੀ ਲੁੱਟ ਰੋਕਣ ਅਤੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਖ਼ਿਲਾਫ਼ ਸਮਾਜਿਕ ਅਤੇ ਕਾਨੂੰਨੀ ਲੜਾਈ ਲੜਨ ਤੋਂ ਪਿੱਛੇ ਨਹੀਂ ਹਟੇਗੀ।