ਪ੍ਰਧਾਨ ਮੰਤਰੀ ਅਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਵੱਲੋਂ ਦੁਵੱਲੇ ਸਬੰਧਾਂ ਦੀ ਸਮੀਖਿਆ
ਨਵੀਂ ਦਿੱਲੀ, 13 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ-ਸਊਦ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਅਤੇ ਸਾਊਦੀ ਅਰਬ ਦੀ ਰਣਨੀਤਕ ਭਾਈਵਾਲੀ ਖੇਤਰੀ ਅਤੇ ਆਲਮੀ ਸਥਿਰਤਾ ਤੇ ਭਲਾਈ ਲਈ ਅਹਿਮ ਹੈ। ਸਾਊਦੀ ਅਰਬ ਨੂੰ ਭਾਰਤ ਦੇ ਸਭ ਤੋਂ ਅਹਿਮ ਰਣਨੀਤਕ ਭਾਈਵਾਲਾਂ ’ਚੋਂ ਇਕ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਦੋਵੇਂ ਮੁਲਕ ਆਪਣੇ ਸਬੰਧਾਂ ’ਚ ਨਵੇਂ ਦਿਸਹੱਦੇ ਜੋੜ ਰਹੇ ਹਨ। ਮੋਦੀ ਅਤੇ ਬਿਨ ਸਲਮਾਨ ਨੇ ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਪਰਿਸ਼ਦ ਦੀ ਪਹਿਲੀ ਮੀਟਿੰਗ ’ਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ। ਮੀਟਿੰਗ ’ਚ ਆਪਣੇ ਸ਼ੁਰੂਆਤੀ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ,‘‘ਸਾਡੀ ਕਰੀਬੀ ਭਾਈਵਾਲੀ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਕਈ ਪਹਿਲਕਦਮੀਆਂ ਦੀ ਪਛਾਣ ਕੀਤੀ ਗਈ ਹੈ। ਅੱਜ ਦੀ ਮੀਟਿੰਗ ’ਚ ਸਾਡੇ ਸਬੰਧਾਂ ਨੂੰ ਇਕ ਨਵੀਂ ਸੇਧ ਅਤੇ ਊਰਜਾ ਮਿਲੇਗੀ।’’ ਅਹਿਮ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਪਰਿਸ਼ਦ ਦਾ ਐਲਾਨ 2019 ’ਚ ਕੀਤਾ ਗਿਆ ਸੀ। ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਮਗਰੋਂ ਬਿਨ ਸਲਮਾਨ ਇਸ ਸਮੇਂ ਭਾਰਤ ਦੇ ਸਰਕਾਰੀ ਦੌਰੇ ’ਤੇ ਹਨ। ਵਾਰਤਾ ਤੋਂ ਪਹਿਲਾਂ ਸਾਊਦੀ ਅਰਬ ਦੇ ਪ੍ਰਿੰਸ ਦਾ ਰਾਸ਼ਟਰਪਤੀ ਭਵਨ ’ਚ ਸਰਕਾਰੀ ਤੌਰ ’ਤੇ ਸਵਾਗਤ ਕੀਤਾ ਗਿਆ। ਸਵਾਗਤ ਤੋਂ ਬਾਅਦ ਬਿਨ ਸਲਮਾਨ ਨੇ ਪੱਤਰਕਾਰਾਂ ਨੂੰ ਕਿਹਾ,‘‘ਮੈਂ ਭਾਰਤ ਆ ਕੇ ਬਹੁਤ ਖੁਸ਼ ਹਾਂ। ਮੈਂ ਜੀ-20 ਸਿਖਰ ਸੰਮੇਲਨ ਲਈ ਭਾਰਤ ਨੂੰ ਵਧਾਈ ਦੇਣਾ ਚਾਹੁੰਦਾ ਹਾਂ।’’ ਸਾਊਦੀ ਆਗੂ ਨੇ ਕਿਹਾ ਕਿ ਸਿਖਰ ਸੰਮੇਲਨ ’ਚ ਕੀਤੇ ਗਏ ਐਲਾਨਾਂ ਨਾਲ ਦੁਨੀਆ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ,‘‘ਅਸੀਂ ਦੋਵੇਂ ਮੁਲਕਾਂ ਦੇ ਵਧੀਆ ਭਵਿੱਖ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਾਂਗੇ।’’ ਸਾਊਦੀ ਅਰਬ ਪੱਛਮੀ ਏਸ਼ੀਆ ’ਚ ਭਾਰਤ ਦੇ ਪ੍ਰਮੁੱਖ ਰਣਨੀਤਕ ਭਾਈਵਾਲਾਂ ’ਚੋਂ ਇਕ ਹੈ। ਪਿਛਲੇ ਕੁਝ ਵਰ੍ਹਿਆਂ ਦੌਰਾਨ ਦੋਵੇਂ ਮੁਲਕ ਆਪਣੀ ਸੁਰੱਖਿਆ ਭਾਈਵਾਲੀ ਨੂੰ ਮਜ਼ਬੂਤ ਕਰਨ ’ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਨ। ਤਤਕਾਲੀ ਫ਼ੌਜ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਦਸੰਬਰ 2020 ’ਚ ਸਾਊਦੀ ਅਰਬ ਦਾ ਦੌਰਾ ਕੀਤਾ ਸੀ ਜੋ 13 ਲੱਖ ਤੋਂ ਵੱਧ ਸੈਨਿਕਾਂ ਦੀ ਸਮਰੱਥਾ ਵਾਲੀ ਮਜ਼ਬੂਤ ਫ਼ੌਜ ਮੁਖੀ ਵੱਲੋਂ ਮਹੱਤਵਪੂਰਨ ਖਾੜੀ ਮੁਲਕ ਦੀ ਪਹਿਲੀ ਯਾਤਰਾ ਸੀ।