ਇਸਲਾਮਾਬਾਦ, 31 ਅਗਸਤ
ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸਰਕਾਰੀ ਭੇਤ ਦੇ ਕਥਿਤ ਖੁਲਾਸੇ ਨਾਲ ਸਬੰਧਿਤ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਨਿਆਂਇਕ ਹਿਰਾਸਤ ਵਿੱਚ 13 ਸਤੰਬਰ ਤੱਕ ਦਾ ਵਾਧਾ ਕਰ ਦਿੱਤਾ ਹੈ। ਸੁਣਵਾਈ ਲਈ ਪੰਜਾਬ ਦੀ ਅਟਕ ਜੇਲ੍ਹ ਪੁੱਜੇ ਜੱਜ ਅਬੁਲ ਹਸਨਤ ਜ਼ੁਲਕਰਨੈਨ ਨੇ ਖੁਫ਼ੀਆ ਸੰਦੇਸ਼ ਸਬੰਧੀ ਲਾਪਤਾ ਦਸਤਾਵੇਜ਼ ਮਾਮਲੇ ਤਹਿਤ ਫ਼ੈਸਲਾ ਸੁਣਾਇਆ। ਇਸ ਦਸਤਾਵੇਜ਼ ਨੂੰ ਖਾਨ ਨੇ ਪਿਛਲੇ ਸਾਲ ਇੱਕ ਸਿਆਸੀ ਰੈਲੀ ਦੌਰਾਨ ਲਹਿਰਾਇਆ ਸੀ। ਗ੍ਰਹਿ ਮੰਤਰਾਲੇ ਵੱਲੋਂ ਜ਼ਾਹਿਰ ਕੀਤੀਆਂ ਗਈਆਂ ਸੁਰੱਖਿਆ ਚਿੰਤਾਵਾਂ ਦਰਮਿਆਨ ਕਾਨੂੰਨ ਮੰਤਰਾਲੇ ਦੀ ਮਨਜ਼ੂਰੀ ਮਗਰੋਂ ਮਾਮਲੇ ਦੀ ਸੁਣਵਾਈ ਅਟਕ ਜੇਲ੍ਹ ਵਿੱਚ ਹੋਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਅਟਕ ਜ਼ਿਲ੍ਹਾ ਜੇਲ੍ਹ ਦੇ ਅੰਦਰ ਕਰਨ ਦਾ ਫ਼ੈਸਲਾ ਲਿਆ, ਜਿੱਥੇ ਇਮਰਾਨ ਖ਼ਾਨ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਪੰਜ ਅਗਸਤ ਤੋਂ ਬੰਦ ਹਨ। ਇਸਲਾਮਾਬਾਦ ਹਾਈ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਖ਼ਾਨ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਸੀ ਪਰ ਉਹ ਰਿਹਾਅ ਨਹੀਂ ਹੋ ਸਕੇ ਸੀ ਕਿਉਂਕਿ ਖੁਫ਼ੀਆ ਦਸਤਾਵੇਜ਼ ਦੇ ਖੁਲਾਸੇ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਣ ਅਤੇ ਬੁੱਧਵਾਰ ਨੂੰ ਸੁਣਵਾਈ ਲਈ ਪੇਸ਼ ਕਰਨ ਦਾ ਹੁਕਮ ਦਿੱਤਾ ਸੀ।
ਜੀਓ ਨਿਊਜ਼ ਦੀ ਖ਼ਬਰ ਅਨੁਸਾਰ ਜੱਜ ਜ਼ੁਲਕਰਨੈਨ ਨੇ ਖ਼ਾਨ ਦੀ ਨਿਆਂਇਕ ਹਿਰਾਸਤ ਵਿੱਚ 13 ਸਤੰਬਰ ਤੱਕ ਦਾ ਵਾਧਾ ਕੀਤਾ ਹੈ, ਜਿਸ ਦਾ ਮਤਲਬ ਹੈ ਕਿ ਉਹ ਹੁਣ ਜੇਲ੍ਹ ਵਿੱਚ ਹੀ ਰਹਿਣਗੇ। ਇਸੇ ਜੱਜ ਨੇ ਮੰਗਲਵਾਰ ਨੂੰ ਇਮਰਾਨ ਖ਼ਾਨ ਦਾ ਇੱਕ ਦਿਨਾ ਰਿਮਾਂਡ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਪੇਸ਼ ਕੀਤਾ ਜਾਵੇ। ਖ਼ਬਰ ਅਨੁਸਾਰ ਵਕੀਲ ਸਲਮਾਨ ਸਫ਼ਦਰ ਦੀ ਪ੍ਰਧਾਨਗੀ ਹੇਠ ਖ਼ਾਨ ਦੀ ਪੰਜ ਮੈਂਬਰੀ ਕਾਨੂੰਨੀ ਟੀਮ ਨੇ ਜੇਲ੍ਹ ਵਿੱਚ ਅਦਾਲਤ ਦੀ ਸੁਣਵਾਈ ’ਚ ਭਾਗ ਲਿਆ। ਇਸ ਅਨੁਸਾਰ ਸ਼ੁਰੂਆਤ ਵਿੱਚ ਟੀਮ ਨੂੰ ਜੇਲ੍ਹ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਇਮਰਾਨ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਅਟਕ ਜੇਲ੍ਹ ਵਿੱਚ ਸੁਣਵਾਈ ਕਰਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ।