ਮੁੰਬਈ, 9 ਮਾਰਚ
ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸਾਇਨਾ’ ਵਿੱਚ ਉਸ ਦਾ ਕਿਰਦਾਰ ਨਿਭਾਉਣ ਵਾਲੀ ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਲੋਕ ਉਸ ਨੂੰ ਸਾਇਨਾ ਦੇ ਕਿਰਦਾਰ ਵਿਚ ਦੇਖ ਕੇ ਕੀ ਪ੍ਰਤੀਕਿਰਿਆ ਦੇਣਗੇ। ਉਸ ਨੇ ਕਿਹਾ,‘‘ਸਾਇਨਾ ਨੇਹਵਾਲ ਨੂੰ ਪਰਦੇ ’ਤੇ ਪੇਸ਼ ਕਰਨਾ ਇਕ ਵੱਡੀ ਜ਼ਿੰਮੇਵਾਰੀ ਹੈ। ਉਹ ਮਹਾਨ ਖਿਡਾਰਨ ਹੈ ਅਤੇ ਮੈਂ ਡਰੀ ਹੋਈ ਹਾਂ ਕਿ ਲੋਕ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਣਗੇ।’’ ਪਰਿਨੀਤੀ ਨੇ ਕਿਹਾ ਕਿ ਉਹ ਪੋਸਟਰ ਨੂੰ ਮਿਲੇ ਹੁੰਗਾਰੇ ਤੋਂ ਬਹੁਤ ਖ਼ੁਸ਼ ਹੈ। ਉਸ ਨੇ ਕਿਹਾ, ‘‘ਵਿਸ਼ਵ ਭਰ ’ਚੋਂ ਮਿਲ ਰਹੇ ਪਿਆਰ ਤੋਂ ਮੈਂ ਖ਼ੁਸ਼ ਹਾਂ’’। ਨਿਰਦੇਸ਼ਕ ਅਮੋਲ ਗੁਪਤਾ ਨੇ ਕਿਹਾ, ‘‘ਸਾਇਨਾ ਨੇ ਲੱਖਾਂ ਔਰਤਾਂ ਨੂੰ ਪ੍ਰੇਰਿਤ ਕੀਤਾ ਹੈ ਤੇ ਉਹ ਅੱਜ ਦੇਸ਼ ਵਿੱਚ ਮਜ਼ਬੂਤ ਔਰਤ ਦੀ ਸੱਚੀ ਮਿਸਾਲ ਹੈ। ਪਰਿਨੀਤੀ ਨੇ ਸਾਇਨਾ ਨੂੰ ਚਿਤਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਹੈ।
ਫ਼ਿਲਮ ਅਤੇ ਪਰਿਨੀਤੀ ਵੱਲੋਂ ਨਿਭਾਏ ਕਿਰਦਾਰ ਬਾਰੇ ਗੱਲਬਾਤ ਕਰਦਿਆਂ ਖਿਡਾਰਨ ਸਾਇਨਾ ਨੇਹਵਾਲ ਨੇ ਕਿਹਾ,‘‘ ਸਭ ਕੁਝ ਸੱਚ ਹੈ। ਮੈਂ ਜ਼ਿੰਦਗੀ ਵਿੱਚ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਉਹ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਕੀਤਾ ਹੈ’’। ਪਰਿਨੀਤੀ ਵੱਲੋਂ ਮੇਰਾ ਕਿਰਦਾਰ ਨਿਭਾਉਣਾ ਮਾਣ ਵਾਲੀ ਹੈ। ਪਰਿਨੀਤੀ ਸ਼ਾਨਦਾਰ ਅਦਾਕਾਰਾ ਹੈ ਤੇ ਜਦੋਂ ਅਸੀਂ ਦੋਵੇਂ ਮਿਲੀਆਂ ਹਾਂ ਤਾਂ ਅਸੀਂ ਆਸਾਨੀ ਨਾਲ ਇੱਕ-ਦੂਜੇ ਨਾਲ ਘੁਲ ਮਿਲ ਜਾਂਦੀਆਂ ਹਾਂ। ਮੈਂ ਫ਼ਿਲਮ ਦੀ ਸਫ਼ਲਤਾ ਲਈ ਟੀਮ ਨੂੰ ਵਧਾਈ ਦਿੰਦੀ ਹਾਂ ਅਤੇ ਆਸ ਕਰਦੀ ਹਾਂ ਲੋਕਾਂ ਨੂੰ ਫ਼ਿਲਮ ਬਹੁਤ ਪਸੰਦ ਆਏਗੀ’’। ਫਿਲਮ ‘ਸਾਇਨਾ’ 26 ਮਾਰਚ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।