ਫੂਜ਼ਾਓ (ਚੀਨ), 7 ਨਵੰਬਰ
ਖ਼ਰਾਬ ਲੈਅ ਨਾਲ ਜੂਝ ਰਹੀ ਸਾਬਕਾ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਨੇਹਵਾਲ ਅੱਜ ਇੱਥੇ ਮੇਜ਼ਬਾਨ ਦੇਸ਼ ਦੀ ਕਾਈ ਯਾਨ ਯਾਨ ਤੋਂ ਪਹਿਲੇ ਗੇੜ ਵਿੱਚ ਹਾਰ ਕੇ ਸੱਤ ਲੱਖ ਡਾਲਰ ਇਨਾਮੀ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ’ਚੋਂ ਬਾਹਰ ਹੋ ਗਈ। ਦੁਨੀਆਂ ਦੀ ਨੌਵੇਂ ਨੰਬਰ ਦੀ ਖਿਡਾਰਨ ਸਾਇਨਾ ਨੂੰ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਚੀਨ ਦੀ ਖਿਡਾਰਨ ਖ਼ਿਲਾਫ਼ ਸਿਰਫ਼ 24 ਮਿੰਟ ਵਿੱਚ 9-21, 12-21 ਨਾਲ ਹਾਰ ਮਿਲੀ।
ਪੁਰਸ਼ ਸਿੰਗਲਜ਼ ਵਿੱਚ ਸਾਇਨਾ ਦੇ ਪਤੀ ਅਤੇ ਨਿੱਜੀ ਕੋਚ ਪਾਰੂਪੱਲੀ ਕਸ਼ਿਅਪ ਨੇ ਥਾਈਲੈਂਡ ਦੇ ਸਿਥੀਕੋਮ ਥਮਾਸਿਨ ਖ਼ਿਲਾਫ਼ ਸਿੱਧੇ ਸੈੱਟ ਵਿੱਚ ਆਸਾਨ ਜਿੱਤ ਦਰਜ ਕੀਤੀ। ਕਸ਼ਿਅਪ ਨੇ ਥਾਈਲੈਂਡ ਦੇ ਵਿਰੋਧੀ ਨੂੰ 43 ਮਿੰਟ ਵਿੱਚ 21-14, 21-3 ਨਾਲ ਮਾਤ ਦਿੱਤੀ। ਹੁਣ ਉਹ ਅਗਲੇ ਗੇੜ ’ਚ ਡੈੱਨਮਾਰਕ ਦੇ ਵਿਕਟਰ ਐਕਸੇਲਸਨ ਨਾਲ ਭਿੜੇਗਾ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਬੀ ਸਾਈ ਪ੍ਰਣੀਤ ਨੇ ਵੀ ਇੰਡੋਨੇਸ਼ੀਆ ਦੇ ਟਾਮੀ ਸੁਗਿਆਰਤੋ ਨੂੰ 52 ਮਿੰਟ ਵਿੱਚ 15-21, 21-12, 21-10 ਨਾਲ ਹਰਾਇਆ। ਹਾਲਾਂਕਿ ਹਮਵਤਨ ਸਮੀਰ ਵਰਮਾ ਦਾ ਸਫ਼ਰ ਸ਼ੁਰੂਆਤੀ ਗੇੜ ਦਾ ਮੁਕਾਬਲਾ ਹਾਰਨ ਨਾਲ ਖ਼ਤਮ ਹੋ ਗਿਆ।