ਚੰਡੀਗੜ੍ਹ, 7 ਫਰਵਰੀ
ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਕੁਮਾਰ ਸਾਂਪਲਾ ਨੇ 1984 ਦੇ ਦੰਗਿਆਂ ਨਾਲ ਸਬੰਧਤ ਵੀਡੀਓ ਵਾਇਰਲ ਹੋਣ ’ਤੇ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਸ ਵੀਡੀਓ ਰਾਹੀਂ ਇਸ ਨੇਤਾ ਦੀ ਦੰਗਿਆਂ ਵਿੱਚ ਸ਼ਮੂਲੀਅਤ ਦੇ ਤੱਥ ਜਨਤਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿਵੇਂ ਇਸ ਸਟਿੰਗ ਵਿੱਚ ਟਾਈਟਲਰ ਅਦਾਲਤ ’ਤੇ ਟਿੱਪਣੀ ਕਰਕੇ ਅਤੇ ਕਾਲੇ ਧਨ ਬਾਰੇ ਗੱਲ ਕਰ ਕੇ ਹੁਣ ਤੱਕ ਦੀ ਅਦਾਲਤੀ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਗੱਲ ਕਰ ਰਿਹਾ ਹੈ, ਇਸ ਤੋਂ ਸਪੱਸ਼ਟ ਹੈ ਕਿ ਜਦੋਂ ਤੱਕ ਐੱਫਆਈਆਰ ਦਰਜ ਕਰ ਕੇ ਹਿਰਾਸਤੀ ਜਾਂਚ ਨਹੀਂ ਹੋਵੇਗੀ, ਉਦੋਂ ਤੱਕ ਟਾਈਟਲਰ ਦੀ ਸ਼ਮੂਲੀਅਤ ਦੇ ਸਬੂਤ ਅਤੇ ਉਸ ਰਾਹੀਂ ਇਸ ਕਤਲੇਆਮ ਦੀ ਕਹਾਣੀ ਰਚਣ ਵਾਲੇ ਕਾਂਗਰਸੀ ਆਗੂਆਂ ਤੇ ਖ਼ਾਸ ਕਰਕੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਭੂਮਿਕਾ ਦਾ ਸੱਚ ਉਜਾਗਰ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਇਸ ਲਈ ਟਾਈਟਲਰ ਖ਼ਿਲਾਫ਼ ਤੁਰੰਤ ਐੱਫਆਈਆਰ ਦਰਜ ਕਰ ਕੇ ਹਿਰਾਸਤੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਸ੍ਰੀ ਸਾਂਪਲਾ ਨੇ ਕਿਹਾ ਕਿ ਟਾਈਟਲਰ ਵੱਲੋਂ ਇੱਕ ਪ੍ਰਾਈਵੇਟ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਅਤੇ ਇਨ੍ਹਾਂ ਪੰਜ ਵੀਡੀਓ ਦੇ ਸਟਿੰਗ ਨਾਲ ਕਾਂਗਰਸੀ ਆਗੂ ਅਤੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਦੀ ਪੁਸ਼ਟੀ ਹੁੰਦੀ ਹੈ, ਇਸ ਲਈ ਨਾ ਸਿਰਫ਼ ਰਾਜੀਵ ਗਾਂਧੀ ਤੋਂ ‘ਭਾਰਤ ਰਤਨ’ ਵਾਪਸ ਲਿਆ ਜਾਣਾ ਚਾਹੀਦਾ ਹੈ ਬਲਕਿ ਉਨ੍ਹਾਂ ਦੇ ਨਾਂ ਤੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਨਾਂ ਵੀ ਬਦਲਣਾ ਚਾਹੀਦਾ ਹੈ।