ਸ਼੍ਰੋਮਣੀ ਅਕਾਲੀ ਦਲ ਨੇ ਉਪ ਰਾਸ਼ਟਰਪਤੀ ਚੋਣ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦਾ ਕਾਰਨ ਦੱਸਿਆ ਹੈ ਅਤੇ ਕਿਹਾ ਹੈ ਕਿ ਉਸਦੇ ਸੰਸਦ ਮੈਂਬਰ ਵੋਟਿੰਗ ਵਿੱਚ ਹਿੱਸਾ ਨਹੀਂ ਲੈਣਗੇ। ਇਸ ਵੇਲੇ ਅਕਾਲੀ ਦਲ ਕੋਲ ਸਿਰਫ਼ ਇੱਕ ਸੀਟ ਹੈ।ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਜੋ ਬਠਿੰਡਾ ਤੋਂ ਹਨ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਹਨ, ਇਸ ਫੈਸਲੇ ਤੋਂ ਬਾਅਦ ਵੋਟ ਨਹੀਂ ਪਾਉਣਗੀਆਂ। ਪਾਰਟੀ ਨੇ ਕਿਹਾ ਹੈ ਕਿ ਜਦੋਂ ਪੂਰਾ ਪੰਜਾਬ ਹੜ੍ਹਾਂ ਦੀ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ, ਤਾਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਉਨ੍ਹਾਂ ਦਾ ਫਰਜ਼ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹ ਪ੍ਰਭਾਵਿਤ ਪੰਜਾਬ ਦੀ ਮਦਦ ਨਾ ਕਰਨ ‘ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬੀਤੇ ਕੱਲ੍ਹ ਹੋਈ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਜਦੋਂ ਵੀ ਤੇ ਜਿੱਥੇ ਵੀ ਦੇਸ਼ ਵਿੱਚ ਕਦੇ ਕੋਈ ਸੰਕਟ ਆਇਆ ਹੈ ਤਾਂ ਪੰਜਾਬ ਅਤੇ ਪੰਜਾਬੀ ਹਮੇਸ਼ਾ ਹਰ ਸੰਕਟ ਦੇ ਸਮੇਂ ਦੇਸ਼ ਨਾਲ ਡਟ ਕੇ ਖੜ੍ਹੇ ਹਨ, ਪਰ ਅੱਜ ਪੰਜਾਬ ‘ਚ ਆਏ ਹੜ੍ਹਾਂ ਦੇ ਗੰਭੀਰ ਸੰਕਟ ਨਾਲ ਪੰਜਾਬੀ ਖੁਦ ਆਪ ਜੂਝ ਰਹੇ ਹਨ ।

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਲਗਭਗ ਇੱਕ-ਤਿਹਾਈ ਪੰਜਾਬ ਪਾਣੀ ‘ਚ ਡੁੱਬਿਆ ਹੋਇਆ ਹੈ, ਘਰ ਤੇ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ। ਇਸ ਸੰਕਟ ਨਾਲ ਪੰਜਾਬੀ ਖ਼ਾਸ ਤੌਰ ‘ਤੇ ਸਿੱਖ ਕੌਮ – ਬਿਨਾਂ ਰਾਜ ਜਾਂ ਕੇਂਦਰ ਸਰਕਾਰ ਦੀ ਮਦਦ ਦੇ ਆਪ ਹੀ ਜੂਝ ਰਹੇ ਹਨ। ਪੰਜਾਬ ਦੇ ਪਿੰਡਾਂ ਦਾ ਨੌਜਵਾਨ ਗੁਰੂ ਸਾਹਿਬਾਨ ਦੇ ਥਾਪੜੇ ਤੇ ਪ੍ਰੇਰਣਾ ਸਦਕਾ ਧਾਰਮਿਕ ਸਮਰਪਣ ਦੀ ਭਾਵਨਾ ਅਧੀਨ ਪੂਰੀ ਬਾਹਦਰੀ ਨਾਲ ਇਸ ਸੰਘਰਸ਼ ਦੀ ਅਗਵਾਈ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਇਸ ਭਾਵਨਾ ਅਤੇ ਵਚਨਬੱਧਤਾ ਨੂੰ ਸਲਾਮ ਕਰਦਾ ਹੈ।
ਸ਼੍ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਵਿੱਚ ਆਪਣੇ ਲੋਕਾਂ ਦੀ ਮਦਦ ਕਰਨ ਲਈ ਹਰ ਤਰ੍ਹਾਂ ਨਾਲ ਵਚਨਬੱਧ ਹੈ। ਜਦੋਂ ਪੰਜਾਬ ਇਸ ਤਰ੍ਹਾਂ ਦੀ ਤ੍ਰਾਸਦੀ ਨਾਲ ਜੂਝ ਰਿਹਾ ਹੈ ਤਾਂ ੳੇਸ ਸਮੇਂ ਕੱਲ੍ਹ ਦੇਸ਼ ਦੇ ਉਪ-ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ, ਪਰ ਪੰਜਾਬ ਦੇ ਲੋਕ ਬਹੁਤ ਦੁਖੀ ਅਤੇ ਰੋਹ ਵਿੱਚ ਹਨ ਨਾ ਤਾਂ ਸਰਕਾਰਾਂ ਉਨ੍ਹਾਂ ਦੀ ਮਦਦ ਲਈ ਅੱਗੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਉਹ ਆਵਾਜ਼ ਹੈ ਜੋ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ । ਇਸ ਲਈ ਪਾਰਟੀ ਨੇ ਕੱਲ੍ਹ ਦੀ ਉਪ-ਰਾਸ਼ਟਰਪਤੀ ਦੀ ਚੋਣ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ।