ਸ਼ਿਮਲਾ/ਰਾਮਪੁਰ: ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਤੀਜੇ ਦਨਿ ਮੋਹਲੇਧਾਰ ਮੀਂਹ ਨੇ ਕਹਿਰ ਢਾਹਿਆ। ਢਿੱਗਾਂ ਡਿੱਗਣ ਕਾਰਨ ਸ਼ਿਮਲਾ ’ਚ ਚਾਰ ਹੋਰ ਮੌਤਾਂ ਹੋ ਗਈਆਂ ਹਨ। ਉਧਰ ਸ਼ਿਮਲਾ-ਕਾਲਕਾ ਹਾਈਵੇਅ ਸੋਮਵਾਰ ਨੂੰ ਬੰਦ ਹੋ ਗਿਆ ਜਦਕਿ ਸ਼ਿਮਲਾ-ਕਿੰਨੌਰ ਸੜਕ ਵੀ ਆਵਾਜਾਈ ਲਈ ਬੰਦ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਮੁਤਾਬਕ ਸੂਬੇ ’ਚ ਬੀਤੇ ਦੋ ਦਨਿਾਂ ਦੌਰਾਨ ਮੀਂਹ ਨਾਲ ਸਬੰਧਤ ਘਟਨਾਵਾਂ ’ਚ 16-17 ਵਿਅਕਤੀ ਹਲਾਕ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਮਨਾਲੀ ’ਚ ਫਸੇ 20 ਲੋਕਾਂ ਨੂੰ ਬਚਾਇਆ ਗਿਆ ਹੈ ਜਦਕਿ ਸੂਬੇ ਦੇ ਵੱਖ ਵੱਖ ਹਿੱਸਿਆਂ ’ਚ ਕਰੀਬ 300 ਹੋਰ ਲੋਕ ਅਜੇ ਵੀ ਫਸੇ ਹੋਏ ਹਨ। ਸ਼ਿਮਲਾ ਸਬ-ਡਿਵੀਜ਼ਨ ਥਿਓਗ ਦੇ ਪਿੰਡ ਪਲਵੀ ’ਚ ਇਕ ਘਰ ’ਤੇ ਅੱਜ ਸਵੇਰੇ ਢਿੱਗਾਂ ਡਿੱਗਣ ਕਾਰਨ ਤਿੰਨ ਵਿਅਕਤੀ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਦੀਪ ਬਹਾਦਰ, ਦੇਵਦਾਸੀ ਅਤੇ ਮੋਹਨ ਬਹਾਦਰ ਵਜੋਂ ਹੋਈ ਹੈ। ਸ਼ਿਮਲਾ-ਕਾਲਕਾ ਕੌਮੀ ਮਾਰਗ ਰਾਜਧਾਨੀ ਤੋਂ ਕਰੀਬ 16 ਕਿਲੋਮੀਟਰ ਪਹਿਲਾਂ ਸ਼ੋਗੀ ਨੇੜੇ ਸੋਮਵਾਰ ਨੂੰ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ। ਅਧਿਕਾਰੀਆਂ ਮੁਤਾਬਕ ਜ਼ਿਲ੍ਹੇ ’ਚ 120 ਤੋਂ ਜ਼ਿਆਦਾ ਸੜਕਾਂ ਬੰਦ ਹਨ ਜਦਕਿ 484 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ। ਰੁਖ, ਘਰਾਂ ਦੀਆਂ ਛੱਤਾਂ ਡਿੱਗਣ ਅਤੇ ਸੰਪਤੀ ਦੇ ਨੁਕਸਾਨ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ।
ਸ਼ਿਮਲਾ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 10 ਮਕਾਨਾਂ ਅਤੇ 20 ਵਾਹਨਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਐੱਨਡੀਆਰਐੱਫ ਦੀ 14ਵੀਂ ਬਟਾਲੀਅਨ ਨੇ ਬਿਆਸ ਦਰਿਆ ਚੜ੍ਹਨ ਕਾਰਨ ਪਿੰਡ ਨਗਵੇਇਨ ’ਚ ਫਸੇ ਛੇ ਲੋਕਾਂ ਨੂੰ ਬਚਾਇਆ। ਮੁੱਖ ਮੰਤਰੀ ਸੁੱਖੂ ਨੇ ਅੱਜ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਮੌਸਮ ਵਿਭਾਗ ਨੇ ਅਗਲੇ 24 ਘੰਟੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਸਾਰੇ ਵਿਧਾਇਕਾਂ ਨੂੰ ਆਪਣੇ-ਆਪਣੇ ਹਲਕਿਆਂ ’ਚ ਜਾ ਕੇ ਲੋਕਾਂ ਦੀ ਸਹਾਇਤਾ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਲੋਕਾਂ ਦੀ ਸਹਾਇਤਾ ਲਈ ਤਿੰਨ ਨੰਬਰ 1100, 1070 ਅਤੇ 1077 ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬੀਤੇ 50 ਸਾਲਾਂ ’ਚ ਅਜਿਹਾ ਮੀਂਹ ਦੇਖਣ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਨੂੰ ਮੌਨਸੂਨ ਸੀਜ਼ਨ ’ਚ ਹੁਣ ਤੱਕ ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਲਾਹੌਲ ਅਤੇ ਸਪਿਤੀ ’ਚ ਚੰਦਰਤਾਲ ਅਤੇ ਪਗਾਲ ਤੇ ਤੇਲਗੀ ਨਾਲਾ ਵਿਚਕਾਰ ਫਸੇ 400 ਸੈਲਾਨੀਆਂ ਅਤੇ ਹੋਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਮੁੱਖ ਮੰਤਰੀ ਨੇ ਹਮੀਰਪੁਰ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਤੇ ਭਾਜਪਾ ਦੇ ਕੌਮੀ ਪ੍ਰਧਾਨ ਵੀ ਸੰਪਰਕ ’ਚ ਹਨ ਅਤੇ ਉਹ ਸੂਬੇ ਦੇ ਹਾਲਾਤ ਤੋਂ ਚਿੰਤਿਤ ਹਨ। ਸੁੱਖੂ ਨੇ ਕਿਹਾ ਕਿ ਬੱਦੀ, ਕੁੱਲੂ ਅਤੇ ਊਨਾ ’ਚ ਪੁਲ ਟੁੱਟ ਗਏ ਹਨ ਅਤੇ ਕੁੱਲੂ ’ਚ ਲਾਰਜੀ ਪਾਵਰ ਪ੍ਰਾਜੈਕਟ ਪਾਣੀ ’ਚ ਡੁੱਬ ਗਿਆ ਹੈ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਦੱਸਿਆ ਕਿ ਜਲ ਸ਼ਕਤੀ ਵਿਭਾਗ ਦੀਆਂ 4680 ਯੋਜਨਾਵਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਅਨੁਮਾਨਿਤ 323.30 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ 876 ਬੱਸ ਰੂਟ ਪ੍ਰਭਾਵਿਤ ਹੋਏ ਹਨ ਅਤੇ ਵੱਖ ਵੱਖ ਥਾਵਾਂ ’ਤੇ 403 ਬੱਸਾਂ ਫਸ ਗਈਆਂ ਹਨ। ਹਿਮਾਚਲ ਪ੍ਰਦੇਸ਼ ’ਚ ਪਹਿਲੀ ਤੋਂ 9 ਜੁਲਾਈ ਦੌਰਾਨ 271.5 ਐੱਮਐੱਮ ਮੀਂਹ ਪਿਆ ਹੈ ਜੋ ਆਮ 160.6 ਐੱਮਐੱਮ ਨਾਲੋਂ 69 ਫ਼ੀਸਦੀ ਜ਼ਿਆਦਾ ਹੈ।