ਸਟੌਕਹੋਮ (ਸਵੀਡਨ), 26 ਨਵੰਬਰ
ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮੈਗਡਾਲੀਨਾ ਐਂਡਰਸਨ ਨੇ ਆਪਣੀ ਨਿਯੁਕਤੀ ਦੇ ਕੁਝ ਸਮੇਂ ਬਾਅਦ ਹੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਘੱਟਗਿਣਤੀ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਦੀ ਸਖ਼ਤ ਸੱਚਾਈ ਦਾ ਸਾਹਮਣਾ ਕਰਨ ਮਗਰੋਂ ਅਸਤੀਫ਼ਾ ਦਿੱਤਾ ਹੈ। ਸ਼ਿਨਹੂਆ ਨਿਊਜ਼ ਏਜੰਸੀ ਮੁਤਾਬਕ ਬੁੱਧਵਾਰ ਨੂੰ ਮੈਗਡਾਲੀਨਾ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਕੁਝ ਹੀ ਘੰਟਿਆਂ ਮਗਰੋਂ, ਸੰਸਦ (ਰਿਕਸਡੈਗ) ਨੇ ਵਿਰੋਧੀ ਧਿਰ ਦੇ ਬਜਟ ਪ੍ਰਸਤਾਵ ਨੂੰ ਪਾਸ ਕਰ ਦਿੱਤਾ, ਜਿਸ ਕਾਰਨ ਐਂਡਰਸਨ ਦੇ ਗੱਠਜੋੜ ਸਹਿਯੋਗੀ ਗਰੀਨ ਪਾਰਟੀ ਨੇ ਹਮਾਇਤ ਵਾਪਸ ਲੈ ਲਈ। ਇਸ ਕਾਰਨ ਐਂਡਰਸਨ ਨੂੰ ਅਸਤੀਫ਼ਾ ਦੇਣ ਦਾ ਐਲਾਨ ਕਰਨਾ ਪਿਆ। ਐਂਡਰਸਨ ਦੀ ਚੋਣ ਖੱਬੇਪੱਖੀ ਪਾਰਟੀ ਨਾਲ ਸਮਝੌਤੇ ਤੋਂ ਬਾਅਦ ਹੋਈ ਸੀ, ਜਿਸ ਨੇ ਲਾਲ ਬਟਨ ਨਾ ਦਬਾਉਣ ਬਦਲੇ ਲਗਪਗ 7,00,000 ਗਰੀਬ ਪੈਨਸ਼ਨਰਾਂ ਲਈ ਪੈਨਸ਼ਨਾਂ ਵਿੱਚ ਵਾਧੇ ਦੀ ਮੰਗ ਕੀਤੀ ਸੀ। ਹਾਲਾਂਕਿ, ਬਾਅਦ ਵਿੱਚ ਸੰਸਦ ਵਿੱਚ ਸੱਤਾਧਾਰੀ ਗੱਠਜੋੜ ਦੇ ਬਜਟ ਦੀ ਤਜਵੀਜ਼ ਦੀ ਥਾਂ ਮੌਡਰੇਟ ਪਾਰਟੀ, ਸਵੀਡਨ ਡੈਮੋਕਰੈਟਾਂ ਅਤੇ ਕ੍ਰਿਸਚੀਅਨ ਡੈਮੋਕਰੈਟਾਂ ਵੱਲੋਂ ਸਾਂਝੇ ਤੌਰ ’ਤੇ ਪੇਸ਼ ਪ੍ਰਸਤਾਵਿਤ ਬਜਟ ਨੂੰ ਪਾਸ ਕਰ ਦਿੱਤਾ ਗਿਆ। ਸੰਸਦ ਵੱਲੋਂ ਵਿਰੋਧੀ ਧਿਰ ਦੇ ਬਜਟ ਨੂੰ ਪਾਸ ਕਰਨ ਮਗਰੋਂ ਗਰੀਨ ਪਾਰਟੀ ਨੇ ਇਹ ਕਹਿੰਦਿਆਂ ਸਰਕਾਰ ਵਿੱਚੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਕਿ ਉਹ ਸਵੀਡਿਸ਼ ਡੈਮੋਕਰੈਟਾਂ ਵੱਲੋਂ ਲਿਆਂਦੇ ਬਜਟ ਨਾਲ ਨਹੀਂ ਖੜ੍ਹ ਸਕਦੀ।