ਜੋਧਪੁਰ (ਰਾਜਸਥਾਨ)-ਬਾਲੀਵੁੱਡ ਦੇ ਸੁਪਰ–ਸਟਾਰ ਸਲਮਾਨ ਖ਼ਾਨ ਅੱਜ ਸ਼ੁੱਕਰਵਾਰ ਨੂੰ ਜੋਧਪੁਰ ਦੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਜੋਧਪੁਰ ਦੀ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਤਰੀਕ ਹੁਣ 19 ਦਸੰਬਰ ਤੈਅ ਕਰ ਦਿੱਤੀ ਹੈ। ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਨੇ ਪਹਿਲਾਂ ਹੀ ਇਹ ਖ਼ਬਰ ਦੇ ਦਿੱਤੀ ਸੀ ਕਿ ਜੱਜ ਦੀ ਸਖ਼ਤ ਹਦਾਇਤ ਦੇ ਬਾਵਜੂਦ ਸਲਮਾਨ ਖ਼ਾਨ ਸ਼ਾਇਦ ਅੱਜ ਅਦਾਲਤ ਵਿੱਚ ਪੇਸ਼ ਨਾ ਹੋਣ। ਦਰਅਸਲ, ਅੱਜ ਸਲਮਾਨ ਖ਼ਾਨ ਕੋਲ ਅਦਾਲਤ ਵਿੱਚ ਪੇਸ਼ ਨਾ ਹੋਣ ਦਾ ਬਹੁਤ ਠੋਸ ਕਾਰਨ ਮੌਜੂਦ ਸੀ।

ਇਸ ਪੇਸ਼ੀ ਤੋਂ ਪਹਿਲਾਂ ਹੀ ਸਲਮਾਨ ਖ਼ਾਨ ਨੂੰ ਸੋਸ਼ਲ ਮੀਡੀਆਂ ਉੱਤੇ ਸੋਪੂ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਮਿਲ ਗਈ ਸੀ। ਬੀਤੀ 16 ਸਤੰਬਰ ਨੂੰ ਪਾਈ ਗਈ ਇਸ ਫ਼ੇਸਬੁੱਕ ਪੋਸਟ ਵਿੱਚ ਸੋਪੂ ਗਿਰੋਹ ਦੇ ਗੈਰੀ ਸ਼ੂਟਰ ਨੇ ਸਲਮਾਨ ਖ਼ਾਨ ਦੀ ਤਸਵੀਰ ਉੱਤੇ ਲਾਲ ਕ੍ਰਾਸ ਦਾ ਨਿਸ਼ਾਨ ਲਾਇਆ ਹੈ। ਇਹ ਲਿਖਿਆ ਹੈ ਕਿ ਭਾਰਤੀ ਕਾਨੂੰਨ ਸਲਮਾਨ ਨੂੰ ਭਾਵੇਂ ਮਾਫ਼ ਕਰ ਦੇਵੇ ਪਰ ਬਿਸ਼ਨੋਈ ਸਮਾਜ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਇਸ ਧਮਕੀ ਦੇ ਨਾਲ ਹੀ ਇਸ ਗਿਰੋਹ ਨੇ ਗਰੁੱਪ 007 ਦੇ ਨਾਂਅ ਨਾਲ ਬਣੇ ਫ਼ੇਸਬੁੱਕ ਪੰਨੇ ਉੱਤੇ ਇੱਕ ਵਿਡੀਓ ਵੀ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਸੋਪੂ ਗੈਂਗ ਦੇ ਸਰਗਨੇ ਲਾਰੈਂਸ ਬਿਸ਼ਨੋਈ ਨੇ ਵੀ ਡੇਢ ਸਾਲ ਪਹਿਲਾਂ ਜੋਧਪੁਰ ਦੀ ਅਦਾਲਤ ਵਿੱਚ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਗਿਰੋਹ ਦੇ ਜ਼ਿਆਦਾਤਰ ਮੈਂਬਰ ਬਿਸ਼ਨੋਈ ਸਮਾਜ ਨਾਲ ਜੁੜੇ ਹੋਏ ਹਨ ਤੇ ਬਿਸ਼ਨੋਈ ਸਮਾਜ ਹਿਰਨ ਨੂੰ ਦੇਵਤਾ–ਸਮਾਨ ਮੰਨਦਾ ਹੈ।

ਇਹ ਸਮਾਜ ਸਲਮਾਨ ਖ਼ਾਨ ਦੀ ਪੇਸ਼ੇ ਵੇਲੇ ਹਰ ਵਾਰ ਵਿਰੋਧ ਪ੍ਰਦਰਸ਼ਨ ਵੀ ਕਰਦਾ ਹੈ। ਇਸ ਗਿਰੋਹ ਦੀ ਇਸ ਹਰਕਤ ਤੋਂ ਬਾਅਦ ਪੁਲਿਸ ਹਰਕਤ ’ਚ ਆਈ ਤੇ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੂੰ ਜੇਲ੍ਹ ਭੇਜਿਆ। ਪਹਿਲਾਂ ਵਾਂਗ ਇਸ ਵਾਰ ਵੀ ਪੁਲਿਸ ਸਲਮਾਨ ਖ਼ਾਨ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਉਣ ਵਾਲੀ ਹੈ। ਇਸੇ ਲਈ ਇਸ ਵਾਰ ਅਜਿਹਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਇਸ ਧਮਕੀ ਕਾਰਨ ਸਲਮਾਨ ਖ਼ਾਨ ਸ਼ਾਇਦ ਅਦਾਲਤ ਵਿੱਚ ਪੇਸ਼ ਨਾ ਹੋਣ।

4 ਜੁਲਾਈ, 2019 ਨੂੰ ਹੋਈ ਸੁਣਵਾਈ ਦੌਰਾਨ ਸੈਸ਼ਨਜ਼ ਕੋਰਟ ਦੇ ਜੱਜ ਚੰਦਰ ਕੁਮਾਰ ਸੋ਼ਗਰਾ ਨੇ ਸਲਮਾਨ ਖ਼ਾਨ ਲਈ ਹੁਕਮ ਦਿੱਤਾ ਸੀ ਕਿ ਜੇ ਉਹ 27 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਨਾ ਹੋਏ, ਤਾਂ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਹੋ ਜਾਵੇਗੀ।