ਨਵੀਂ ਦਿੱਲੀ, 18 ਨਵੰਬਰ

ਭਾਰਤ ਅਤੇ ਚੀਨ ਵੀਰਵਾਰ ਨੂੰ ਪੂਰਬੀ ਲੱਦਾਖ਼ ਵਿੱਚ ਰਹਿੰਦੇ ਵਿਵਾਦਤ ਪੁਆਇੰਟਾਂ ’ਤੋਂ ਫੌਜਾਂ ਹਟਾਉਣ ਲਈ ਅਗਲੇ ਗੇੜ ਦੀ ਫੌਜੀ ਗੱਲਬਾਤ ਲਈ ਰਾਜ਼ੀ ਹੋ ਗਏ। ਸਰਹੱਦੀ ਮਾਮਲਿਆਂ ਬਾਰੇ ਸਲਾਹ ਅਤੇ ਤਾਲਮੇਲ ਕਾਰਜਪ੍ਰਣਾਲੀ ਤੈਅ ਕਰਨ ਬਾਰੇ ਅੱਜ ਦੋਵਾਂ ਮੁਲਕਾਂ ਵਿਚਾਲੇ ਵਰਚੂਅਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਬਾਰੇ ਡੂੰਘਾ ਵਿਚਾਚ ਵਟਾਂਦਰਾ ਕੀਤਾ ਅਤੇ ਪਿਛਲੀ ਫੌਜੀ ਪੱਧਰ ਦੀ ਮੀਟਿੰਗ ਬਾਅਦ ਦੇ ਹਾਲਾਤ ਦੀ ਸਮੀਖਿਆ ਕੀਤੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਦੌਰਾਨ ਦੋਵਾਂ ਧਿਰਾਂ ਨੇ ਸੀਨੀਅਰ ਕਮਾਂਡਰਾਂ ਦੀ ਅਗਲੇ (14ਵੇਂ)ਗੇੜ ਦੀ ਮੀਟਿੰਗ ਛੇਤੀ ਹੀ ਸੱਦਣ ’ਤੇ ਸਹਿਮਤੀ ਜਤਾਈ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਜ਼ਮੀਨੀ ਪੱਧਰ ’ਤੇ ਸਥਿਰਤਾ ਬਣਾਈ ਰੱਖਣ ਅਤੇ ਕਿਸੇ ਤਰ੍ਹਾਂ ਦੀ ਉਕਸਾਊ ਕਾਰਵਾਈ ਤੋਂ ਗੁਰੇਜ਼ ਕਰਨ ’ਤੇ ਵੀ ਸਹਿਮਤੀ ਬਣੀ।