ਅੰਮ੍ਰਿਤਸਰ, ਅੱਜ ਦੁਪਹਿਰ ਸਮੇਂ ਤੇਜ਼ ਹਵਾਵਾਂ ਦੇ ਨਾਲ ਆਏ ਮੋਹਲੇਧਾਰ ਮੀਂਹ ਅਤੇ ਗੜਿਆਂ ਕਾਰਨ ਸਰਹੱਦੀ ਜ਼ਿਲ੍ਹੇ ਦੇ ਕੁੱਝ ਇਲਾਕਿਆਂ ਵਿੱਚ ਪੱਕੀ ਫਸਲ ਹੇਠਾਂ ਡਿੱਗਣ ਨਾਲ ਫਸਲ ਨੂੰ ਨੁਕਸਾਨ ਹੋਇਆ ਹੈ।
ਦੁਪਹਿਰ ਵੇਲੇ ਅਚਨਚੇਤੀ ਮੌਸਮ ਖਰਾਬ ਹੋ ਗਿਆ। ਤੇਜ਼ ਹਵਾਵਾਂ ਚੱਲੀਆਂ ਤੇ ਬੱਦਲਵਾਈ ਹੋ ਗਈ, ਜਿਸ ਮਗਰੋਂ ਮੋਹਲੇਧਾਰ ਮੀਂਹ ਪੈਣਾ ਸ਼ੁਰੂ ਹੋ ਗਿਆ। ਕੁੱਝ ਥਾਵਾਂ ਉੱਤੇ ਗੜੇਮਾਰ ਵੀ ਹੋਈ ਹੈ, ਜਿਸ ਨਾਲ ਤਿਆਰ ਖੜ੍ਹੀਆਂ ਫਸਲਾਂ ਹੇਠਾਂ ਡਿੱਗ ਗਈਆਂ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਮੁੱਢਲੇ ਤੌਰ ਉੱਤੇ ਮਿਲੀ ਜਾਣਕਾਰੀ ਮੁਤਾਬਕ ਰਈਆ ਪੱਟੀ ਹੇਠ ਆਉਂਦੇ ਇਲਾਕੇ ਸੁਧਾਰ, ਟਪਿਆਲਾ, ਬੁਤਾਲਾ ਆਦਿ ਕਈ ਥਾਵਾਂ ਉੱਤੇ ਗੜੇਮਾਰ ਹੋਈ ਹੈ, ਜਿਸ ਕਾਰਨ ਪੱਕੀ ਕਣਕ ਦੀ ਫਸਲ ਅਤੇ ਹੋਰ ਫਸਲਾਂ ਖੇਤਾਂ ਵਿੱਚ ਵਿਛ ਗਈਆਂ ਹਨ। ਇਸ ਦੌਰਾਨ ਜਮਹੂਰੀ ਕਿਸਾਨ ਸਭਾ ਨਾਲ ਸਬੰਧਤ ਆਗੂ ਹਰਪ੍ਰੀਤ ਸਿੰਘ ਬੁਟਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਗੜੇਮਾਰੀ ਨਾਲ ਫਸਲਾਂ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਖਾਸੀ ਪਿੰਡ ਦੇ ਕਿਸਾਨ ਲਖਵਿੰਦਰ ਸਿੰਘ ਨੇ ਵੀ ਗੜੇਮਾਰੀ ਨਾਲ ਫਸਲਾਂ ਨੂੰ ਨੁਕਸਾਨ ਪੁੱਜਣ ਦੀ ਪੁਸ਼ਟੀ ਕੀਤੀ ਹੈ।