ਫ਼ਤਹਿਗੜ੍ਹ ਸਾਹਿਬ, 7 ਅਪਰੈਲ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚ ਭਾਦਸੋਂ ਰੋਡ ਨਜ਼ਦੀਕ ਪਿੰਡ ਤਰਖਾਣ ਮਾਜਰਾ ਕੋਲ ਸਥਿਤ ਐੱਸਐੱਸ ਸਟੀਲ ਇੰਡਸਟਰੀ (ਫਰਨਿਸ ਇਕਾਈ) ਦੀ ਭੱਠੀ ’ਚ ਬੀਤੀ ਦੇਰ ਰਾਤ ਇਕ ਹਾਦਸਾ ਹੋਣ ਕਾਰਨ ਸੱਤ ਮਜ਼ਦੂਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ’ਚ ਦਾਖਲ ਕੀਤਾ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਗੁਰਮੀਤ ਸਿੰਘ, ਸੁੱਖਾ, ਜੁਮੈਲ, ਗੋਲਡੀ, ਨੋਨਾ, ਵਿੱਕੀ ਤੇ ਜਤਿੰਦਰ ਵਾਸੀਆਨ ਪਿੰਡ ਤਰਖਾਣ ਮਾਜਰਾ ਵਜੋਂ ਹੋਈ ਹੈ। ਇਨ੍ਹਾਂ ’ਚੋਂ ਤਿੰਨ ਮਾਮੂਲੀ ਜ਼ਖ਼ਮੀਆਂ ਨੂੰ ਇਲਾਜ ਮਗਰੋਂ ਘਰ ਭੇਜ ਦਿੱਤਾ। ਡਾਕਟਰਾਂ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏਐਸਪੀ ਡਾ. ਰਵਜੋਤ ਗਰੇਵਾਲ, ਸਰਹਿੰਦ ਥਾਣੇ ਦੇ ਐਸਐਚਓ ਪ੍ਰਦੀਪ ਸਿੰਘ ਬਾਜਵਾ ਪੁਲੀਸ ਪਾਰਟੀ ਨਾਲ ਘਟਨਾ ਸਥਾਨ ’ਤੇ ਪਹੁੰਚੇ ਤੇ ਮੌਕੇ ਦਾ ਜਾਇਜ਼ਾ ਲਿਆ। ਹਸਪਤਾਲ ’ਚ ਇਲਾਜ ਕਰ ਰਹੇ ਜ਼ਖ਼ਮੀਆਂ ਨੇ ਦੱਸਿਆ ਕਿ ਕਰੇਨ ਅਪਰੇਟਰ ਵੱਲੋਂ ਭੱਠੀ ’ਚ ਕੁਝ ਲੋਹੇ ਦੀ ਸਕਰੈਪ ਸੁੱਟੀ ਤਾਂ ਅਚਾਨਕ ਭੱਠੀ ’ਚ ਬਲਾਸਟ ਹੋ ਗਿਆ ਤੇ ਭੱਠੀ ’ਚੋਂ ਲਾਵਾ ਨਿਕਲ ਕੇ ਉਨ੍ਹਾਂ ਉਪਰ ਡਿੱਗ ਗਿਆ।
ਇਸ ਸਬੰਧੀ ਫਰਨਿਸ ਦੇ ਮਾਲਕ ਸੁਰੇਸ਼ ਗੋਇਲ ਨੇ ਭੱਠੀ ’ਚ ਧਮਾਕਾ ਹੋਣ ਦੀ ਘਟਨਾ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਭੱਠੀ ’ਚ ਕੋਈ ਭਾਰੀ ਚੀਜ਼ ਡਿੱਗਣ ਨਾਲ ਇਸ ’ਚ ਲੋਹੇ ਦਾ ਕੁਝ ਲਾਵਾ ਨਾਲ ਖੜ੍ਹੇ ਮਜ਼ਦੂਰਾਂ ’ਤੇ ਡਿੱਗ ਗਿਆ।
ਉਨ੍ਹਾਂ ਇਸ ਨੂੰ ਆਮ ਘਟਨਾ ਦੱਸਿਆ। ਉਨ੍ਹਾਂ ਕਿਹਾ ਕਿ ਜ਼ਖ਼ਮੀ ਮਜ਼ਦੂਰਾਂ ਦੇ ਇਲਾਜ ਦਾ ਸਾਰਾ ਖ਼ਰਚ ਉਹ ਉਠਾਉਣਗੇ। ਉਧਰ, ਜਾਂਚ ਅਧਿਕਾਰੀ ਏਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲੀਸ ਨੇ ਮਜ਼ਦੂਰਾਂ ਦੇ ਬਿਆਨ ਕਲਮਬੱਧ ਕੀਤੇ ਹਨ ਜਿਸ ’ਚ ਮਜ਼ਦੂਰਾਂ ਵੱਲੋਂ ਭੱਠੀ ’ਚ ਬਲਾਸਟ ਹੋਣ ਦੀ ਗੱਲ ਨਹੀਂ ਕਹੀ ਗਈ ਹੈ। ਮਜ਼ਦੂਰਾਂ ਨੇ ਦੱਸਿਆ ਹੈ ਕਿ ਭੱਠੀ ’ਚੋਂ ਕੁਝ ਲਾਵਾ ਉਨ੍ਹਾਂ ’ਤੇ ਡਿੱਗ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।
ਨਵੰਬਰ 2017 ਦੇ ਦੂਸਰੇ ਹਫ਼ਤੇ ’ਚ ਵੀ ਇਸ ਫਰਨਿਸ ’ਚ ਜ਼ਬਰਦਸਤ ਧਮਾਕਾ ਹੋਇਆ ਸੀ। ਜਿਸ ਕਾਰਨ ਸੱਤ ਪਰਵਾਸੀ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ’ਚ ਦੋ ਮਜ਼ਦੂਰਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।