ਜਿਸ ਤਰੀਕੇ ਅੱਜ ਅਦਾਲਤ ਵਿਚ ਹਾਰ ਹੋਈ, ਉਸਦੇ ਤਰੀਕੇ ਸੰਗਤ ਵੀ ਸਰਨਾ ਨੁੰ ਹਰਾਏਗੀ : ਮਨਜਿੰਦਰ ਸਿੰਘ ਸਿਰਸਾ

ਵਿਰੋਧੀ ਧਿਰ ਕੋਲ ਸੰਗਤ ਸਾਹਮਣੇ ਰੱਖਣ ਵਾਸਤੇ ਕੋਈ ਹਾਂ ਪੱਖੀ ਏਜੰਡਾ ਨਹੀਂ : ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ, 17 ਅਗਸਤ : ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਧੜੇ ਨੁੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਦਿੱਲੀ ਹਾਈ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ‘ਤੇ ਰੋਕਣ ਲਾਉਣ ਤੋਂ ਨਾਂਹ ਕਰ ਦਿੱਤੀ।
ਇਸ ਬਾਰੇ ਪੱਤਰਕਾਰਾਂ ਨੁੰ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਆਪਣੀਆਂ ਆਡਿਟ ਰਿਪੋਰਟਾਂ ਅਦਾਲਤ ਨੂੰ ਸੌਂਪ ਕੇ ਦੱਸ ਦਿੱਤਾ ਹੈ ਕਿ ਸਰਨਾ ਧੜੇ ਕੋਲ ਵੀ ਕਾਪੀਆਂ ਹਨ ਪਰ ਇਹ ਜਾਣ ਬੁੱਝ ਕੇ ਚੋਣਾਂ ਦੇ ਰਾਹ ਵਿਚ ਅੜਿਕਾ ਬਣਨਾ ਚਾਹੁੰਦੇ ਹਨ ਤੇ ਰਾਜਨੀਤੀ ਕਰ ਰਹੇ ਹਨ ਕਿਉਂਕਿ ਇਹਨਾਂ ਨੇ ਚੋਣਾਂ ਵਿਚ ਆਪਣੀ ਯਕੀਨੀ ਹਾਰ ਵੇਖ ਲਈ ਹੈ।
ਸਰਦਾਰ ਸਿਰਸਾ ਨੇ  ਦੱਸਿਆ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਸਰਨਾ ਧੜੇ ਦੀ ਚੰਗੀ ਝਾੜ ਝੰਬ ਕੀਤੀ ਤੇ ਕਿਹਾ ਕਿ ਉਹ ਅਦਾਲਤ ਨੂੰ ਵਰਤ ਰਹੇ ਹਨ ਜਿਸ ਮਗਰੋਂ ਸਰਨਾ ਧੜਾ ਆਪਣੀ ਪਟੀਸ਼ਨ ਵਾਪਸ ਲੈਣ ਲਈ ਮਜਬੂਰ ਹੋ ਗਿਆ।
ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਸਰਨਾ ਧੜੇ ਦੀ ਪਹਿਲਾਂ ਅਦਾਲਤ ਵਿਚ ਹਾਰ ਹੋਵੇਗੀ ਤੇ ਫਿਰ ਲੋਕਾਂ ਦੀ ਕਚਹਿਰੀ ਵਿਚ 25 ਤਾਰੀਕ ਨੁੰ ਹਾਰ ਹੋਵੇਗੀ ਤੇ ਸੱਚਾਈ ਜਿੱਤ ਦੀ ਰਾਹ ‘ਤੇ ਹੈ।
ਉਹਨਾਂ ਨੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੱਲੋਂ ਇਕ ਵਾਰ ਫਿਰ ਤੋਂ ਚੋਣਾਂ ਰੋਕਣ ਦਾ ਯਤਨ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਜੀ ਕੇ ਨੇ ਤਾਂ ਆਪ ਮੰਨ ਲਿਆ ਹੈ ਕਿ ਉਹ ਧਰਮ ਦੇ ਨਾਂ ‘ਤੇ ਰਾਜਨੀਤੀ ਕਰਦੇ ਹਨ।
ਉਹਨਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਕਮੇਟੀ ਦੇ ਮਾਮਲੇ ਵਿਚ ਅਕਾਲੀ ਦਲ ਦਾ ਮੁੱਖ ਮੰਤਵ ਸਿਰਫ ਤੇ ਸਿਰਫ ਗੁਰੂ ਘਰਾਂ ਤੇ ਸੰਗਤ ਦੀ ਸੇਵਾ ਰਿਹਾ ਹੈ ਤੇ ਕਦੇ ਵੀ ਰਾਜਨੀਤੀ ਇਸਦੇ ਏਜੰਡੇ ‘ਤੇ ਨਹੀਂ ਰਹੀ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੀ ਭਲਾਈ ਲਈ ਤੇ ਪ੍ਰਸ਼ਾਸਨ ਵਿਚ ਸੁਧਾਰ ਵਾਸਤੇ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ ਤੇ ਇਸ ਮੁਹਾਜ਼ ‘ਤੇ ਹੀ ਕੰਮ ਕਰ ਰਹੇ ਹਾਂ ਤੇ ਸਾਡਾ ਧਰਮ ਦੇ ਨਾਂ ‘ ਤੇ ਰਾਜਨੀਤੀ ਕਰਨ ਦਾ ਕੋਈ ਮਤਲਬ ਨਹੀਂ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਵਿਰੋਧੀ ਧਿਰਾਂ ਕੋਲ ਸੰਗਤ ਅੱਗੇ ਰੱਖਣ ਲਈ ਕੋਈ ਹਾਂ ਪੱਖੀ ਏਜੰਡਾ ਨਹੀਂ ਹ ੈ ਤੇ ਉਹਨਾਂ ਨੇ ਆਉਂਦੀਆਂ ਚੋਣਾਂ ਵਿਚ ਆਪਣੀ ਹਾਰ ਯਕੀਨੀ ਵੇਖ ਲਈ ਹੈ। ਉਹਨਾਂ ਕਿਹਾ ਕਿ ਸੰਗਤ ਇਕ ਵਾਰ ਫਿਰ ਤੋਂ ਸੇਵਾ ਸਾਡੀ ਝੋਲੀ ਪਾਵੇਗੀ, ਸਾਨੁੰ ਇਹ ਪੂਰਨ ਵਿਸ਼ਵਾਸ ਹੈ।