ਸਰਦੂਲਗੜ੍ਹ, 20 ਜੁਲਾਈ
ਘੱਗਰ ਦੀ ਮਾਰ ਝੱਲ ਰਹੇ ਸਰਦੂਲਗੜ੍ਹ ਲਈ ਉਸ ਸਮੇਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ, ਜਦੋਂ ਫੂਸਮੰਡੀ ਨਜ਼ਦੀਕ ਹੀ ਪਿੰਡ ਭੱਲਣਵਾੜਾ ’ਚ ਵੀ ਘੱਗਰ ਦੇ ਬੰਨ੍ਹ ਵਿੱਚ ਪਾੜ ਪੈ ਗਿਆ। ਇਸ ਕਾਰਨ ਘੱਗਰ ਦੇ ਪਾਣੀ ਨੇ ਭੱਲਣਵਾੜਾ ਦੀਆਂ ਹਜ਼ਾਰਾਂ ਏਕੜ ਫਸਲਾਂ ਦੇ ਨਾਲ-ਨਾਲ ਪਿੰਡ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਹੈ। ਪਾਣੀ ਭੱਲਣਵਾੜਾ, ਕੋੜੀਵਾੜਾ ਦੇ ਖੇਤਾਂ ਅਤੇ ਨੀਵੀਆਂ ਥਾਵਾਂ ਤੋਂ ਹੁੰਦਾ ਹੋਇਆ ਸਰਦੂਲਗੜ੍ਹ-ਰਤੀਆ ਸੜਕ ਤੱਕ ਪਹੁੰਚ ਗਿਆ ਹੈ। ਇਸ ਸੜਕ ’ਤੇ ਬਣੇ ਸਕੂਲ ਅਕਾਲ ਅਕੈਡਮੀ ਕੌੜੀਵਾੜਾ ਅਤੇ ਸੈਕਰਡ ਸੋਲਜ਼ ਸਕੂਲ ’ਚ ਵੀ ਘੱਗਰ ਪਾਣੀ ਦਾਖਲ ਹੋ ਗਿਆ ਹੈ। ਘੱਗਰ ’ਚ ਪਾਣੀ ਦਾ ਪੱਧਰ ਵੀ ਪਹਿਲਾਂ ਨਾਲੋਂ ਵੱਧ ਚੁੱਕਾ ਹੈ।