ਫਤਹਿਗੜ੍ਹ ਸਾਹਿਬ, 22 ਜਨਵਰੀ
ਅਧਿਆਪਕ ਦਲ ਪੰਜਾਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਪ੍ਰਧਾਨ ਜਸਪਾਲ ਸਿੰਘ ਢੀਂਡਸਾ ਅਤੇ ਜਰਨਲ ਸਕੱਤਰ ਧਰਮ ਸਿੰਘ ਰਾਈਏਵਾਲ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਰਾਈਏਵਾਲ ਨੇ ਕਿਹਾ ਕਿ ਸਰਕਾਰ ਲਗਾਤਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿਰੁੱਧ ਕਥਿਤ ਤੁਗ਼ਲਕੀ ਫ਼ੈਸਲੇ ਲੈ ਰਹੀ ਹੈ ਅਤੇ ਨਾਲ ਹੀ ਮਿਡਲ ਸਕੂਲਾਂ ਵਿੱਚ ਸਿਰਫ ਚਾਰ ਅਧਿਆਪਕ ਰੱਖਣ ਦਾ ਫ਼ੈਸਲਾ ਹਾਸੋਹੀਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਸ਼ਿਆਂ ਦੀ ਮਹੱਤਤਾ ਖ਼ਤਮ ਕਰਦੇ ਹੋਏ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ’ਤੇ ਡਾਕਾ ਮਾਰਿਆ ਹੈ। ਇਕ ਪਾਸੇ ਸਰਕਾਰ ਵਿਦਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਸੈਮੀਨਾਰ ਕਰਵਾ ਕੇ ਲੱਖਾਂ ਰੁਪਏ ਖ਼ਰਚ ਕਰ ਰਹੀ ਹੈ। ਦੂਜੇ ਪਾਸੇ ਮੁੱਢਲੀਆਂ ਸਹੂਲਤਾਂ ਤੋਂ ਸਕੂਲ ਵਿਰਵੇ ਹਨ।
ਉਨ੍ਹਾਂ ਮੰਗ ਕੀਤੀ ਕਿ ਬ੍ਰਿਜ ਕੋਰਸ ਦਾ ਪੱਤਰ ਵਾਪਸ ਲਿਆ ਜਾਵੇ, ਮਿਡਲ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਸਫ਼ਾਈ ਸੇਵਕ ਦੀ ਅਸਾਮੀ ਦਿੱਤੀ ਜਾਵੇ, ਠੇਕੇ ’ਤੇ ਕੰਮ ਕਰਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਸੂਬਾ ਕਮੇਟੀ ਮੈਂਬਰ ਕਰਨਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਆਪਣੇ ਸਕੂਲਾਂ ਤੋਂ ਬਾਹਰ ਪ੍ਰੀਖਿਆ ਦੇਣ ਵਾਲਾ ਫ਼ੈਸਲਾ ਵੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਇਸ ਫ਼ੈਸਲੇ ਨਾਲ ਵਿਦਿਆਰਥੀਆਂ ਦੇ ਮਾਪਿਆਂ ਤੇ ਹੋਰ ਬੋਝ ਪਵੇਗਾ ਤੇ ਲੜਕੀਆਂ ਨੂੰ ਸਵੇਰੇ ਸ਼ਾਮ ਲੈ ਕੇ ਆਉਣ ਜਾਣ ਵਿੱਚ ਖੱਜਲ ਖੁਆਰੀ ਹੋਵੇਗੀ। ਸ੍ਰੀ ਢੀਂਡਸਾ ਨੇ ਕਿਹਾ ਕਿ ਸਰਕਾਰ ਹਜ਼ਾਰ: ਅਸਾਮੀਆਂ ਖਤਮ ਕਰਨਾ ਚਾਹੁੰਦੀ ਹੈ, ਜੋ ਬੇਰੁਜ਼ਗਾਰ ਨੌਜਵਾਨਾਂ ਨਾਲ ਸ਼ਰੇਆਮ ਬੇਇਨਸਾਫ਼ੀ ਹੈ। ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਫ਼ੈਸਲੇ ਤੁਰੰਤ ਵਾਪਸ ਨਾ ਲਏ ਤਾਂ ਅਧਿਆਪਕ ਦਲ ਪੰਜਾਬ ਵਿੱਚ ਧਰਨੇ ਦਿੱਤੇ ਜਾਣਗੇ।ਇਸ ਮੌਕੇ ਦਵਿੰਦਰ ਸਿੰਘ, ਦਰਸ਼ਨ ਸਿੰਘ, ਰਾਜ ਕੁਮਾਰ, ਪਰਮਜੀਤ ਸਿੰਘ ਆਦਮਪੁਰ, ਕਿੰਗ ਕਵਲ ਸਿੰਘ ਭੱਟ ਮਾਜਰਾ, ਅਮਨਜੀਤ ਸਿੰਘ ਲੋਹਾਰ ਮਾਜਰਾ, ਮੋਹਨ ਸਿੰਘ ਅਮਰਾਲਾ, ਮਨਦੀਪ ਸਿੰਘ ਅਮਲੋਹ, ਜਸਵੀਰ ਸਿੰਘ ਐਲਏ ਆਦਿ ਹਾਜ਼ਰ ਸਨ।