ਸ੍ਰੀ ਮੁਕਤਸਰ ਸਾਹਿਬ, 15 ਜਨਵਰੀ
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇੱਥੇ ਮੇਲਾ ਮਾਘੀ ਮੌਕੇ ਚਾਲੀ ਮੁਕਤਿਆਂ ਨੂੰ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਵਿੱਤੀ ਨੀਤੀ ਬਹੁਤ ਸਪੱਸ਼ਟ ਹੈ। ਸਰਕਾਰ ਦੇ ਪਹਿਲੇ ਤਿੰਨ ਬਜਟ ਘਾਟੇ ਵਾਲੇ ਅਤੇ ਚੌਥਾ ਬਜਟ ਵਾਧੇ ਵਾਲਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਨੂੰ ਹਲਫ਼ੀਆ ਬਿਆਨ ਦਿੱਤਾ ਸੀ ਕਿ ਪੰਜਾਬ ਸਿਰ ਖ਼ੁਰਾਕ ਸਪਲਾਈ ਵਿਭਾਗ ਦੀ 31000 ਕਰੋੜ ਰੁਪਏ ਦੀ ਦੇਣਦਾਰੀ ‘ਟਰਮ ਲੋਨ’ ਵਿੱਚ ਬਦਲ ਦਿੱਤੀ ਜਾਵੇ।
ਹਾਲਾਂਕਿ ਕੇਂਦਰ ਸਰਕਾਰ ਚਾਹੁੰਦੀ ਸੀ ਕਿ ਇਨ੍ਹਾਂ ਵਿੱਚੋਂ ਤੀਜਾ ਹਿੱਸਾ (10 ਹਜ਼ਾਰ ਕਰੋੜ) ਖ਼ੁਦ ਦੇਵੇ, ਤੀਜਾ ਹਿੱਸਾ ਬੈਂਕ ਦੇਣ ਅਤੇ ਬਾਕੀ ਤੀਜਾ ਹਿੱਸਾ ਪੰਜਾਬ ਸਰਕਾਰ ਵੱਲੋਂ ਅਦਾ ਕਰ ਕੇ ਇਹ ਕਰਜ਼ਾ ਕਲੀਅਰ ਕਰ ਦਿੱਤਾ ਜਾਵੇ, ਪਰ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਸਿਰ 31 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕਰਜ਼ੇ ਦੀ ਕਿਸ਼ਤ ਹੀ 3200 ਕਰੋੜ ਰੁਪਏ ਸਾਲਾਨਾ ਹੈ, ਜੋ ਕਰੀਬ 20 ਸਾਲਾਂ ਤਕ ਚੱਲੇਗੀ। ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਅਕਾਲ ਤਖ਼ਤ ਦੇ ਹੁਕਮ ਮੰਨਦਿਆਂ ਮੇਲਾ ਮਾਘੀ ’ਤੇ ਸਿਆਸੀ ਕਾਨਫਰੰਸ ਨਹੀਂ ਕੀਤੀ ਤੇ ਪਾਰਟੀ ਦਾ ਇੱਕ ਵਫ਼ਦ ਚਾਲੀ ਮੁਕਤਿਆਂ ਨੂੰ ਨਤਮਸਤਕ ਹੋਇਆ, ਪਰ ਕੁਝ ਪਾਰਟੀਆਂ ਵੱਲੋਂ ਇਹ ਗੱਲ ਨਹੀਂ ਮੰਨੀ ਗਈ। ਉਨ੍ਹਾਂ ਕਿਹਾ ਕਿ ਪੇਅ ਕਮਿਸ਼ਨ ਦੀ ਰਿਪੋਰਟ ਵੀ ਇੱਕ ਸਾਲ ਵਿੱਚ ਲਾਗੂ ਕਰ ਦਿੱਤੀ ਜਾਵੇਗੀ।
ਬਠਿੰਡਾ ਥਰਮਲ ਪਲਾਂਟ ਬੰਦ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਹ ਵਰਤੋਂ ਦੇ ਕਾਬਲ ਨਹੀਂ ਸੀ, ਇਸ ਲਈ ਬੰਦ ਕਰਨਾ ਜ਼ਰੂਰੀ ਸੀ। ਇਸ ਦਾ ਕੋਈ ਵੀ ਮੁਲਾਜ਼ਮ ਬੇਰੁਜ਼ਗਾਰ ਨਹੀਂ ਹੋਵੇਗਾ ਤੇ ਸਾਰੇ ਮੁਲਾਜ਼ਮਾਂ ਨੂੰ ਜ਼ਿਲ੍ਹੇ ਵਿੱਚ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਪੁਲ ਨੂੰ ਜਲਦੀ ਪੂਰਾ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਪਹਿਲੀ ਕਿਸ਼ਤ ਵਜੋਂ ਤਿੰਨ ਕਰੋੜ ਰੁਪਏ ਸੋਮਵਾਰ ਨੂੰ ਜਾਰੀ ਕਰ ਦਿੱਤੇ ਜਾਣਗੇ। ਗੁਰੂ ਗੋਬਿੰਦ ਸਿੰਘ ਸਟੇਡੀਅਮ, ਮੀਨਾਰ-ਏ-ਮੁਕਤਾ ਤੇ ਚਾਰ ਯਾਦਗਾਰੀ ਗੇਟਾਂ ਦੀ ਮੁਰੰਮਤ ਲਈ ਵੀ ਸਪੈਸ਼ਲ ਫੰਡ ਜਾਰੀ ਕੀਤੇ ਜਾਣਗੇ। ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਦੀ ਇਮਾਰਤ ਬਣਾਉਣ ਸਬੰਧੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ, ਯੂਨੀਵਰਸਿਟੀ ਦਾ ਘਾਟਾ ਪੂਰਾ ਕਰਨ ਲਈ ਬਣਦਾ ਹਿੱਸਾ ਦੇਣ ਲਈ ਵਚਨਬੱਧ ਹੈ ਤੇ ਇਸ ਸਬੰਧੀ 15 ਜਨਵਰੀ ਨੂੰ ਉੱਚ ਅਦਾਲਤ ’ਚ ਸਰਕਾਰ ਵੱਲੋਂ ਹਲਫ਼ੀਆ ਬਿਆਨ ਵੀ ਦਿੱਤਾ ਜਾਵੇਗਾ ਤੇ ਜਦੋਂ ਯੂਨੀਵਰਸਿਟੀ ਦਾ ਘਾਟਾ ਪੂਰਾ ਹੋ ਗਿਆ ਤਾਂ ਉਹ ਆਪ ਹੀ ਰਿਜ਼ਨਲ ਸੈਂਟਰ ਲਈ ਫੰਡ ਜਾਰੀ ਕਰ ਦੇਵੇਗੀ।