ਮੁੰਬਈ:ਫਿਲਮ ਅਦਾਕਾਰ ਧਰਮਿੰਦਰ ਨੇ ਅੱਜ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦਾ ਹੱਲ ਜਲਦੀ ਕੱਢਣ ਦੀ ਅਪੀਲ ਕੀਤੀ ਹੈ। ਇੱਕ ਦਿਨ ਪਹਿਲਾਂ ਉਨ੍ਹਾਂ ਅਜਿਹਾ ਟਵੀਟ ਬਿਨਾਂ ਕੋਈ ਕਾਰਨ ਦੱਸੇ ਹਟਾ ਦਿੱਤਾ ਸੀ। ਧਰਮਿੰਦਰ ਨੇ ਟਵੀਟ ਕੀਤਾ ਸੀ, ‘ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਿਸਾਨ ਮਸਲਿਆਂ ਦਾ ਹੱਲ ਜਲਦੀ ਕੱਢਿਆ ਜਾਵੇ। ਦਿੱਲੀ ’ਚ ਕਰੋਨਾਵਾਇਰਸ ਦੇ ਮਾਮਲੇ ਵੱਧ ਰਹੇ ਹਨ। ਇਹ ਦੁੱਖਦਾਈ ਹੈ।’ ਅੱਜ ਟਵਿੱਟਰ ਦੇ ਵਰਤੋਂਕਾਰਨ ਨੇ ਇਸ ਟਵੀਟ ਦਾ ਸਕਰੀਨ ਸ਼ਾਟ ਪਾਇਆ ਤੇ ਪੁੱਛਿਆ ਕਿ ਧਰਮਿੰਦਰ ਨੇ ਕਿਸ ਕਾਰਨ ਟਵੀਟ ਹਟਾ ਦਿੱਤਾ।

ਧਰਮਿੰਦਰ ਨੇ ਕਿਹਾ, ‘ਮੈਂ ਟਵੀਟ ਇਸ ਲਈ ਹਟਾ ਲਿਆ ਕਿਉਂਕਿ ਮੈਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਦੁਖੀ ਹਾਂ। ਤੁਸੀਂ ਮੈਨੂੰ ਦਿਲੋਂ ਗਾਲ੍ਹਾਂ ਕੱਢ ਸਕਦੇ ਹੋ। ਮੈਂ ਖੁਸ਼ ਹਾਂ ਕਿ ਤੁਸੀਂ ਖੁਸ਼ ਹੋ। ਮੈਂ ਆਪਣੇ ਕਿਸਾਨ ਭਰਾਵਾਂ ਲਈ ਦੁਖੀ ਹਾਂ।’ ਇਕ ਹੋਰ ਵਰਤੋਂਕਾਰ ਨੇ ਦਾਅਵਾ ਕੀਤਾ ਕਿ ਧਰਮਿੰਦਰ ਨੇ ਆਪਣੇ ਪੁੱਤਰ ਤੇ ਗੁਰਦਾਸਪੁਰ ਤੋਂ ਐੱਮਪੀ ਸਨੀ ਦਿਓਲ ਦੇ ਕਹਿਣ ’ਤੇ ਪੋਸਟ ਹਟਾਈ ਹੋਵੇਗੀ। ਇਸ ’ਤੇ ਧਰਮਿੰਦਰ ਨੇ ਕਿਹਾ, ‘ਮੈਂ ਤੁਹਾਡੀ ਮਾਨਸਿਕਤਾ ਬਾਰੇ ਕੁਝ ਨਹੀਂ ਕਹਾਂਗਾ।’