ਚੰਡੀਗੜ੍ਹ, ਪੁਲੀਸ ਅਤੇ ਨਸ਼ਾ ਸਮਗਲਰਾਂ ਦੇ ਕਥਿਤ ਗੱਠਜੋੜ ਬਾਰੇ ਚੱਲ ਰਹੀ ਚਰਚਾ ਦੌਰਾਨ ਅੱਜ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਆਪਣੀ ਖ਼ਾਮੋਸ਼ੀ ਤੋੜਦਿਆਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਅਜਿਹੇ ਤਿੰਨ ਡੀਜੀਪੀਜ਼ ਦੇ ਨਾਂ ਗਿਣਾਏ ਜਨ੍ਹਿ‌ਾਂ ਨੂੰ ਅਦਾਲਤ ਨੇ ਗ਼ਲਤ ਠਹਿਰਾਇਆ ਹੋਵੇ। ਗ਼ੌਰਤਲਬ ਹੈ ਕਿ ਇਸ ਮਾਮਲੇ ’ਤੇ ਵੱਖ-ਵੱਖ ਪਟੀਸ਼ਨਾਂ ਤੇ ਜਾਂਚ ਰਿਪੋਰਟਾਂ ਸਬੰਧੀ ਅਗਲੇ ਹਫ਼ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਣ ਵਾਲੀ ਹੈ, ਜਿਥੇ ਇਕ ਡੀਜੀਪੀ ਨੇ ਸ੍ਰੀ ਅਰੋੜਾ ਸਣੇ ਦੋ ਹੋਰ ਡੀਜੀਪੀਜ਼ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ।
ਇਹ ਮਾਮਲਾ ਬੀਤੇ ਕਰੀਬ ਛੇ ਮਹੀਨਿਆਂ ਤੋਂ ਸੁਰਖ਼ੀਆਂ ਵਿੱਚ ਹੈ। ਪੰਜਾਬ ਪੁਲੀਸ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਇਸ ਕਾਰਨ ਮੂੰਹ ਖੋਲ੍ਹਣਾ ਪਿਆ ਕਿਉਂਕਿ ਮਾਮਲਾ ਅਦਾਲਤ ਦੇ ਜ਼ੇਰ-ਏ-ਗ਼ੌਰ ਹੋਣ ਦੇ ਬਾਵਜੂਦ ਮੀਡੀਆ ਵਿੱਚ ‘ਬਹੁਤ ਵੱਡੇ ਵੱਡੇ ਇਲਜ਼ਾਮ’ ਲਾਏ ਜਾ ਰਹੇ ਹਨ ਜਿਸ ਕਾਰਨ ਪੁਲੀਸ ਫ਼ੋਰਸ ਦਾ ਹੌਸਲਾ ਡਿੱਗ ਰਿਹਾ ਹੈ। ਇਕ ਦੋਸ਼ ਇਹ ਹੈ ਕਿ ਉਨ੍ਹਾਂ (ਸ੍ਰੀ ਅਰੋੜਾ) ਵੱਲੋਂ ਨਸ਼ਾ ਤਸਕਰੀ ਕੇਸਾਂ ਵਿੱਚ ਐਸਐਸਪੀ ਰਾਜਜੀਤ ਸਿੰਘ ਦਾ ਬਚਾਅ ਕੀਤਾ ਜਾ ਰਿਹਾ ਹੈ। ਰਾਜਜੀਤ ਸਿੰਘ ਉੱਤੇ ਬਰਤਰਫ਼ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਬਚਾਉਣ ਦੇ ਦੋਸ਼ ਹਨ। ਦੱਸਣਯੋਗ ਹੈ ਕਿ ਡੀਜੀਪੀ-ਪੀਐਸਪੀਸੀਐਲ ਸਿਧਾਰਥ ਚੱਟੋਪਾਧਿਆਏ ਨੇ ਆਪਣੇ-ਆਪ ਨੂੰ ਸਨਅਤਕਾਰ ਇੰਦਰਪ੍ਰੀਤ ਚੱਢਾ ਦੇ ਕਥਿਤ ਖ਼ੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਕੀਤੇ ਜਾਣ ਕਾਰਨ ਨਿਜੀ ਹੈਸੀਅਤ ਵਿੱਚ ਇਕ ਹਲਫ਼ਨਾਮੇ ਰਾਹੀਂ ਸ੍ਰੀ ਅਰੋੜਾ ਉਤੇ ਇਹ ਦੋਸ਼ ਲਾਏ ਸਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਵਿਵਾਦ ਦਾ ਕੇਂਦਰ ਡੀਜੀਪੀ-ਪੰਜਾਬ ਦਾ ਅਹੁਦਾ ਹੈ ਜੋ 30 ਸਤੰਬਰ ਨੂੰ ਸ੍ਰੀ ਅਰੋੜਾ ਦੀ ਸੇਵਾਮੁਕਤੀ ਉਤੇ ਖ਼ਾਲੀ ਹੋਣ ਵਾਲਾ ਹੈ। ਸ੍ਰੀ ਚੱਟੋਪਾਧਿਆਏ ਅਤੇ ਡੀਜੀਪੀ-ਇੰਟੈਲੀਜੈਂਸ ਦਿਨਕਰ ਗੁਪਤਾ ਇਸ ਅਹੁਦੇ ਲਈ ਦਾਅਵੇਦਾਰ ਹਨ। ਸ੍ਰੀ ਅਰੋੜਾ ਦਾ ਸੇਵਾਕਾਲ ਵਧਾਏ ਜਾਣ ਦੀ ਵੀ ਚਰਚਾ ਹੈ, ਪਰ ਉਨ੍ਹਾਂ ਇਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ‘‘ਮੈਂ ਆਪਣੇ 36 ਸਾਲਾਂ ਦੇ ਕਰੀਅਰ ਦੌਰਾਨ ਕਿਸੇ ਗ਼ਲਤ ਪੁਲੀਸ ਮੁਲਾਜ਼ਮ ਜਾਂ ਵਿਅਕਤੀ ਦਾ ਪੱਖ ਨਹੀਂ ਲਿਆ। ਇਹ ਸਾਰੇ ਇਲਜ਼ਾਮ ਮੇਰੇ ਕਰੀਅਰ ਦੇ ਐਨ ਅਖ਼ੀਰ ਉਤੇ ਕਿਸੇ ਖ਼ਾਸ ਮਕਸਦ ਲਈ ਲਾਏ ਜਾ ਰਹੇ ਹਨ।’’ ਖ਼ਾਸਤੌਰ ’ਤੇ ਰਾਜਜੀਤ ਸਿੰਘ ਬਾਰੇ ਪੁੱਛੇ ਜਾਣ ’ਤੇ ਸ੍ਰੀ ਅਰੋੜਾ ਨੇ ਕਿਹਾ ਕਿ ਉਸ ਨਾਲ ਉਨ੍ਹਾਂ ਕਦੇ ਕੰਮ ਨਹੀਂ ਕੀਤਾ। ਉਨ੍ਹਾਂ ਮੁਤਾਬਕ ਇਹ ਮਾਮਲਾ 2013 ਦਾ ਹੈ ਜਦੋਂ ਉਹ ਡੀਜੀਪੀ ਨਹੀਂ ਸਨ। ਉਨ੍ਹਾਂ ਕਿਹਾ ‘‘ਉਤੋਂ ਵਿਜੀਲੈਂਸ ਨੇ ਇੰਦਰਜੀਤ ਸਿੰਘ ਖ਼ਿਲਾਫ਼ ਉਦੋਂ 2015 ਵਿੱਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ ਜਦੋਂ ਮੈਂ ਵਿਜੀਲੈਂਸ ਦਾ ਮੁਖੀ ਸਾਂ।’’ ਉਨ੍ਹਾਂ ਕਿਹਾ ਕਿ ਇੰਜ ਉਨ੍ਹਾਂ ਦੀ 35 ਸਾਲਾਂ ਦੀ ‘ਮਿਹਨਤ ਤੇ ਦਿਆਨਤਦਾਰੀ’ ਉਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।