ਅੰਮ੍ਰਿਤਸਰ, 18 ਸਤੰਬਰ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਸਰਕਾਰਾਂ ਅਜਿਹੇ ਕਾਨੂੰਨ ਲਾਗੂ ਨਾ ਕਰਨ, ਜਿਸ ਨਾਲ ਕਿਸਾਨੀ ਨੂੰ ਨੁਕਸਾਨ ਪੁੱਜਦਾ ਹੋਵੇ। ਅਕਾਲ ਤਖ਼ਤ ਦੇ ਸਕੱਤਰੇਤ ’ਚ ਖੇਤੀ ਬਿਲਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਕਿਸਾਨੀ ਨੂੰ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਅਰਥਚਾਰੇ ਨੂੰ ਬਚਾਉਣਾ ਹੈ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ ਕਿਸਾਨੀ ਨੂੰ ਬਚਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਅਜਿਹੇ ਕਾਨੂੰਨ ਪਾਸ ਨਾ ਕਰਨ ਜਿਸ ਨਾਲ ਕਿਸਾਨੀ ਨੂੰ ਨੁਕਸਾਨ ਪੁੱਜੇ। ਇਸੇ ਦੌਰਾਨ ਉਨ੍ਹਾਂ ਇਕ ਹੁਕਮ ਜਾਰੀ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ ਦੇ ਸਸਕਾਰ ਲਈ ਵਿਸ਼ਵ ਭਰ ਵਿੱਚ ਚੱਲ ਰਹੇ ਅੰਗੀਠਿਆਂ ’ਤੇ ਰੋਕ ਲਾਈ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਦੇਹਰਾਦੂਨ ਦੇ ਖੁਸ਼ਹਾਲਪੁਰ, ਦਿੱਲੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਈ ਭਾਗੋ ਅਤੇ ਮੱਧ ਪ੍ਰਦੇਸ਼ ਦੇ ਭੋਪਾਲ ’ਚ ਚਲ ਰਹੇ ਅੰਗੀਠਿਆਂ ਦੀ ਜਾਂਚ ਕਰਾਉਣ ਵਾਸਤੇ ਆਖਿਆ ਹੈ।